ਨਵਾਜ਼ ਸ਼ਰੀਫ ਲੰਡਨ ਤੋਂ ਧੀ ਮਰੀਅਮ ਨਾਲ ਜੇਨੇਵਾ ਦੇ ਦੌਰੇ ਲਈ ਹੋਏ ਰਵਾਨਾ
Friday, Jan 06, 2023 - 02:26 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਆਪਣੀ ਧੀ ਅਤੇ ਪਾਰਟੀ ਦੀ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਮਰੀਅਮ ਨਵਾਜ਼ ਨਾਲ ਜੇਨੇਵਾ ਦੇ ਇਕ ਹਫ਼ਤੇ ਦੇ ਦੌਰੇ 'ਤੇ ਲੰਡਨ ਤੋਂ ਰਵਾਨਾ ਹੋ ਗਏ ਹਨ, ਜਿੱਥੇ ਉਹ ਆਪਣਾ ਮੈਡੀਕਲ ਟੈਸਟ ਕਰਵਾਉਣਗੇ। ਖ਼ਬਰਾਂ ਮੁਤਾਬਕ ਸ਼ਰੀਫ ਇਸ ਦੌਰਾਨ ਆਪਣੇ ਛੋਟੇ ਭਰਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵੀ ਮਿਲ ਸਕਦੇ ਹਨ। ਡਾਨ ਦੀ ਖ਼ਬਰ ਮੁਤਾਬਕ ਨਵਾਜ਼ ਸ਼ਰੀਫ ਦਾ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਸ਼ਹਿਬਾਜ਼ ਸ਼ਰੀਫ ਸੰਯੁਕਤ ਰਾਸ਼ਟਰ ਦੀ ਅਗਵਾਈ 'ਚ ਡੋਨਰਜ਼ ਕਾਨਫਰੰਸ 'ਚ ਹਿੱਸਾ ਲੈਣਗੇ।
ਸ਼ਹਿਬਾਜ਼ ਇੱਥੇ ਹੜ੍ਹ ਤੋਂ ਬਾਅਦ ਮੁੜ ਵਸੇਬੇ 'ਚ ਮਦਦ ਮੁਹੱਈਆ ਕਰਾਉਣ ਲਈ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਨਗੇ। ਖ਼ਬਰ ਮੁਤਾਬਕ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ ਅਤੇ ਮਰੀਅਮ 9 ਜਨਵਰੀ ਨੂੰ ਕਾਨਫਰੰਸ ਦੇ ਦੌਰਾਨ ਮੁਲਾਕਾਤ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਨਵਾਜ਼ ਸ਼ਰੀਫ ਇੱਥੇ ਡਾਕਟਰਾਂ ਨੂੰ ਮਿਲਣਗੇ ਅਤੇ ਵੀਕੈਂਡ ਸਵਿਟਜ਼ਰਲੈਂਡ ਵਿਚ ਬਿਤਾਉਣਗੇ, ਜਿਸ ਤੋਂ ਬਾਅਦ ਉਹ ਅਗਲੇ ਹਫ਼ਤੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਨੂੰ ਮਿਲਣਗੇ। ਦੋਵੇਂ ਭਰਾ ਅਜਿਹੇ ਸਮੇਂ ਵਿਚ ਮਿਲ ਰਹੇ ਹਨ ਜਦੋਂ ਪਾਕਿਸਤਾਨ ਸਰਕਾਰ ਗੰਭੀਰ ਆਰਥਿਕ ਸੰਕਟ ਅਤੇ ਹੜ੍ਹਾਂ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ 20 ਹਜ਼ਾਰ ਭਾਰਤੀ ਜੇਲ੍ਹਾਂ 'ਚ ਕੈਦ, ਦਿੱਤੇ ਜਾ ਰਹੇ ਤਸੀਹੇ
ਅਖ਼ਬਾਰ ਮੁਤਾਬਕ ਦੋਵੇਂ ਭਰਾ ਇਨ੍ਹਾਂ ਮੁੱਦਿਆਂ ਦੇ ਨਾਲ-ਨਾਲ ਪਾਰਟੀ ਦੀਆਂ ਸਿਆਸੀ ਚੁਣੌਤੀਆਂ 'ਤੇ ਵੀ ਚਰਚਾ ਕਰ ਸਕਦੇ ਹਨ ਕਿਉਂਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਦੀ ਲੋਕਪ੍ਰਿਅਤਾ ਉਨ੍ਹਾਂ ਲਈ ਸਮੱਸਿਆ ਬਣੀ ਹੋਈ ਹੈ। ਜਿਵੇਂ-ਜਿਵੇਂ ਅੰਤਰਿਮ ਸਰਕਾਰ ਦੀ ਸੰਭਾਵਨਾ ਵਧਦੀ ਜਾ ਰਹੀ ਹੈ, ਮੌਜੂਦਾ ਸਰਕਾਰ 'ਤੇ ਚੋਣਾਂ ਕਰਵਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ। ਪਾਰਟੀ ਨਵਾਜ਼ ਅਤੇ ਮਰੀਅਮ ਦੇ ਵਾਪਸ ਆਉਣ ਅਤੇ ਦੇਸ਼ ਵਿੱਚ ਇਮਰਾਨ ਪੱਖੀ ਭਾਵਨਾਵਾਂ ਨੂੰ ਸੰਭਾਲਣ ਦੀ ਉਡੀਕ ਕਰ ਰਹੀ ਹੈ। ਡਾਕਟਰਾਂ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਨਵਾਜ਼ ਸ਼ਰੀਫ ਦੇਸ਼ ਪਰਤਣਗੇ। ਮੀਟਿੰਗ ਵਿੱਚ ਮਰੀਅਮ ਦੀ ਹਾਜ਼ਰੀ ਵੀ ਅਹਿਮ ਹੈ ਕਿਉਂਕਿ ਉਮੀਦ ਹੈ ਕਿ ਮੀਟਿੰਗ ਵਿੱਚ ਪਾਰਟੀ ਦੀਆਂ ਭਵਿੱਖੀ ਕਾਰਜ ਯੋਜਨਾਵਾਂ ’ਤੇ ਵੀ ਚਰਚਾ ਹੋ ਸਕਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।