ਇਟਲੀ ''ਚ ਕੁਦਰਤੀ ਕਹਿਰ ''ਗੜ੍ਹੇਮਾਰੀ'' ਕਾਰਨ ਤਬਾਹੀ, ਜਨ ਜੀਵਨ ਪ੍ਰਭਾਵਿਤ
Wednesday, Jul 28, 2021 - 01:11 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿੱਚ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਇਟਲੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਰਿਹਾ ਹੈ। ਬੀਤੇ ਦਿਨ ਉੱਤਰੀ ਇਟਲੀ ਵਿੱਚ ਵੱਖ-ਵੱਖ ਥਾਵਾਂ ਬਹੁਤ ਹੀ ਹਿੰਸਕ ਗੜ੍ਹੇਮਾਰੀ ਨਾਲ ਜਿੱਥੇ ਸੈਂਕੜੇ ਗੱਡੀਆਂ ਨੁਕਸਾਨੀਆਂ ਗਈਆਂ, ਉੱਥੇ ਹੀ ਫਸਲਾਂ ਅਤੇ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਟਲੀ ਦੇ ਮਿਲਾਨ ਅਤੇ ਨੈਪਲਜ਼ ਦੇ ਵਿਚਾਲੇ ਹਾਈਵੇਅ ਦੇ ਇੱਕ ਹਿੱਸੇ ਵਿੱਚ ਜਦੋਂ ਗੜ੍ਹੇਮਾਰੀ ਨੇ ਡਰਾਈਵਰਾਂ ਨੂੰ ਸੜਕ ਕਿਨਾਰੇ ਆਪਣੀਆ ਗੱਡੀਆਂ ਨੂੰ ਲਿਜਾਣ ਲਈ ਮਜਬੂਰ ਕੀਤਾ ਤਾਂ ਬਹੁਤ ਸਾਰੀਆ ਗੱਡੀਆਂ ਦੇ ਸ਼ੀਸੇ ਨੁਕਸਾਨੇ ਗਏ। ਤੇਜ਼ ਹਵਾਵਾਂ ਦੇ ਗੜ੍ਹੇਮਾਰੀ ਕਾਰਨ ਸ਼ੀਸ਼ੇ ਟੁੱਟਣ ਨਾਲ ਬਹੁਤ ਸਾਰੇ ਲੋਕਾਂ ਦੇ ਮਾਮੂਲੀ ਸੱਟ ਵੀ ਲੱਗੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕੁਝ ਲੋਕਾਂ ਨੇ ਆਪਣੀ ਗੱਡੀਆਂ ਕੰਮ ਕਾਰ ਵਾਲੀ ਪਾਰਕਿੰਗ ਵਿੱਚ ਪਾਰਕ ਕੀਤੀਆਂ ਹੋਈਆਂ ਸੀ ਪਰ ਖ਼ਰਾਬ ਮੌਸਮ ਹੋਣ ਕਰਕੇ ਅਤੇ ਗੜ੍ਹੇਮਾਰੀ ਨਾਲ ਉਨ੍ਹਾਂ ਦੀਆਂ ਕੀਮਤੀ ਤੋਂ ਕੀਮਤੀ ਗੱਡੀਆਂ ਵੀ ਨੁਕਸਾਨੀਆਂ ਗਈਆਂ।ਉਧਰ ਦੂਜੇ ਪਾਸੇ ਇਟਲੀ ਦੇ ਕੋਮੋ ਪ੍ਰਾਂਤ ਨੂੰ ਭਾਰੀ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਕੋਮੋ ਝੀਲ ਦੇ ਨੇੜ੍ਹੇ ਪਾਰਕਿੰਗ ਵਿੱਚ ਖੜ੍ਹੇ ਵਾਹਨ ਪਾਣੀ ਨਾਲ ਵਹਿ ਗਏ ਅਤੇ ਜਿਨ੍ਹਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਟਰੱਕ ਪਲਟਣ ਕਾਰਨ ਪੰਜਾਬੀ ਡਰਾਈਵਰ ਦੀ ਮੌਤ
ਦੱਸਣਯੋਗ ਹੈ ਕਿ ਇਟਲੀ ਦੇ ਮੌਸਮ ਵਿਭਾਗ ਵਲੋਂ ਕੁਝ ਸੂਬਿਆਂ ਨੂੰ ਮੌਸਮ ਸੰਬੰਧੀ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਪਰ ਇੱਥੇ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੰਸਾਰ ਵਿੱਚ ਪਹਿਲਾਂ ਕੋਰੋਨਾ ਮਹਾਮਾਰੀ ਦੇ ਕਾਰਨ ਹੁਣ ਤੱਕ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਪਰ ਹੁਣ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।