ਸਪੇਸ ''ਚ ਬਣੇਗਾ ਇਤਿਹਾਸ, ਪਹਿਲੀ ਵਾਰ 2 ਔਰਤਾਂ ਇਕੱਠੇ ਕਰਨਗੀਆਂ ਸਪੇਸਵਾਕ

Sunday, Oct 06, 2019 - 11:36 AM (IST)

ਸਪੇਸ ''ਚ ਬਣੇਗਾ ਇਤਿਹਾਸ, ਪਹਿਲੀ ਵਾਰ 2 ਔਰਤਾਂ ਇਕੱਠੇ ਕਰਨਗੀਆਂ ਸਪੇਸਵਾਕ

ਵਾਸ਼ਿੰਗਟਨ (ਬਿਊਰੋ)— ਸਪੇਸ ਵਿਚ 2 ਔਰਤਾਂ ਮਿਲ ਕੇ ਇਤਿਹਾਸ ਬਣਾਉਣ ਜਾ ਰਹੀਆਂ ਹਨ। ਪੁਲਾੜ ਵਿਗਿਆਨ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੋ ਔਰਤਾਂ ਪੁਲਾੜ ਯਾਤਰੀ ਇਕੱਠੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ISS) ਦੇ ਬਾਹਰ ਸਪੇਸਵਾਕ ਕਰਨਗੀਆਂ। 21 ਅਕਤੂਬਰ ਨੂੰ ਪੁਲਾੜ ਯਾਤਰੀ ਜੇਸਿਕਾ ਮੀਰ ਅਤੇ ਕ੍ਰਿਸਟੀਨਾ ਕੋਚ ਆਈ.ਐੱਸ.ਐੱਸ. ਵਿਚੋਂ ਬਾਹਰ ਨਿਕਲਣਗੀਆਂ ਅਤੇ ਸਪੇਸ ਸਟੇਸ਼ਨ ਦੇ ਸੋਲਰ ਪੈਨਲ ਵਿਚ ਲੱਗੀ ਲੀਥੀਅਮ ਆਇਨ ਬੈਟਰੀ ਨੂੰ ਬਦਲਣਗੀਆਂ। ਇਸ ਤੋਂ ਪਹਿਲਾਂ ਔਰਤਾਂ ਦਾ ਸਪੇਸਵਾਕ ਦਾ ਪ੍ਰੋਗਰਾਮ ਮਾਰਚ ਮਹੀਨੇ ਦਾ ਸੀ ਪਰ ਸਪੇਸਸੂਟ ਨਾ ਹੋਣ ਕਾਰਨ ਪ੍ਰੋਗਰਾਮ ਟਾਲ ਦਿੱਤਾ ਗਿਆ ਸੀ।

 

ਅਕਤੂਬਰ ਦੇ ਮਹੀਨੇ ਵਿਚ ਕੁੱਲ ਮਿਲਾ ਕੇ 5 ਸਪੇਸਵਾਕ ਕੀਤੇ ਜਾਣਗੇ। ਇਨ੍ਹਾਂ ਸਪੇਸਵਾਕ ਜ਼ਰੀਏ  ਸਪੇਸ ਸਟੇਸ਼ਨ 'ਤੇ ਮੌਜੂਦ 6 ਪੁਲਾੜ ਯਾਤਰੀ ਬਾਹਰ ਨਿਕਲ ਕੇ ਸਪੇਸ ਸਟੇਸ਼ਨ ਦੀ ਮੁਰਮੰਤ ਕਰਨਗੇ। ਇਸ ਸਮੇਂ ਪੁਲਾੜ ਸਟੇਸ਼ਨ 'ਤੇ ਜੇਸਿਕਾ ਮੀਰ, ਕ੍ਰਿਸਟੀਨੀ ਕੋਚ, ਐਂਡਰਿਊ ਮੋਰਗਨ, ਓਲੇਗ ਸਕ੍ਰੀਪੋਚਾ, ਅਲੈਗਜ਼ੈਂਡਰ ਸਕਵੋਰਤਸੋਵ ਅਤੇ ਲੂਕਾ ਪਰਮਿਤਾਨੋ ਹਨ। ਇਹ ਸਾਰੇ ਅਕਤਬੂਰ ਮਹੀਨੇ ਵਿਚ ਵੱਖ-ਵੱਖ ਤਰੀਕਾਂ 'ਤੇ ਸਪੇਸਵਾਕ ਕਰਨਗੇ। ਇਨ੍ਹਾਂ ਦੇ ਇਲਾਵਾ 5 ਸਪੇਸਵਾਕ ਨਵੰਬਰ ਅਤੇ ਦਸੰਬਰ ਵਿਚ ਕੀਤੇ ਜਾਣਗੇ।

 

ਇਨ੍ਹਾਂ ਤਰੀਕਾਂ ਨੂੰ ਹੋਵੇਗਾ ਸਪੇਸਵਾਕ
11 ਅਕਤੂਬਰ- ਕ੍ਰਿਸਟੀਨਾ ਕੋਚ ਅਤੇ ਐਂਡਰਿਊ ਮੋਰਗਨ ਸਪੇਸ ਸਟੇਸ਼ਨ ਦੇ ਬਾਹਰ ਨਿਕਲ ਕੇ ਸੋਲਰ ਐਰੇ ਵਿਚ ਲੱਗੀ ਲਿਥੀਅਨ ਆਇਨ ਬੈਟਰੀ ਬਦਲਣਗੇ।

16 ਅਕਤੂਬਰ- ਜੇਸਿਕਾ ਮੀਰ ਅਤੇ ਐਂਡਰਿਊ ਮੋਰਗਨ ਸਪੇਸ ਸਟੇਸ਼ਨ ਤੋਂ ਬਾਹਰ ਨਿਕਲ ਕੇ ਸੋਲਰ ਐਰੇ ਵਿਚ ਲੱਗੀ ਲਿਥੀਅਨ ਆਇਨ ਬੈਟਰੀ ਬਦਲਣਗੇ।

21 ਅਕਤੂਬਰ- ਜੇਸਿਕਾ ਮੀਰ ਅਤੇ ਕ੍ਰਿਸਟੀਨਾ ਕੋਚ ਆਈ.ਐੱਸ.ਐੱਸ. ਤੋਂ ਬਾਹਰ ਨਿਕਲਣਗੀਆਂ ਅਤੇ ਸਪੇਸ ਸਟੇਸ਼ਨ ਦੇ ਸੋਲ ਐਰੇ ਵਿਚ ਲੱਗੀ ਲਿਥੀਅਨ ਆਇਨ ਬੈਟਰੀ ਬਦਲਣਗੀਆਂ।

25 ਅਕਤੂਬਰ- ਜੇਸਿਕਾ ਮੀਰ ਅਤੇ ਲੂਕਾ ਪਰਮਿਤਾਨੋ ਸਪੇਸ ਸਟੇਸ਼ਨ ਦੇ ਬਾਹਰ ਨਿਕਲ ਕੇ ਸੋਲਰ ਐਰੇ ਵਿਚ ਲੱਗੀ ਲਿਥੀਅਨ ਆਇਨ ਬੈਟਰੀ ਬਦਲਣਗੇ।

31 ਅਕਤੂਬਰ- ਓਲੇਗ ਸਕਰੀਪੋਚਾ ਅਤੇ ਅਲੈਗਜ਼ੈਂਡਰ ਸਕਵੋਰਤਸੋਵ ਵੀ ਸਪੇਸ ਸਟੇਸ਼ਨ ਤੋਂ ਬਾਹਰ ਨਿਕਲ ਕੇ ਮੁਰੰਮਤ ਦਾ ਕੰਮ ਕਰਨਗੇ।

 

 

ਸਪੇਸ ਵਾਕ ਕਰਨ ਵਾਲਿਆਂ ਦੀ ਹੁੰਦੀ ਹੈ ਸਖਤ ਟਰੇਨਿੰਗ
ਨਾਸਾ ਸਮੇਤ ਸਾਰੀਆਂ ਪੁਲਾੜ ਏਜੰਸੀਆਂ ਆਪਣੇ ਪੁਲਾੜ ਯਾਤਰੀਆਂ ਨੂੰ ਸਪੇਸਵਾਕ ਦੀ ਸਖਤ ਟਰੇਨਿੰਗ ਦਿੰਦੀਆਂ ਹਨ। ਜਦੋਂ ਪੁਲਾੜ ਯਾਤਰੀਆਂ ਨੂੰ ਟਰੇਨਿੰਗ ਦੌਰਾਨ ਸਪੇਸਸੂਟ ਪਵਾਇਆ ਜਾਂਦਾ ਹੈ ਤਾਂ ਉਸ ਸਮੇਂ ਉਨ੍ਹਾਂ ਨੂੰ ਮਾਈਕ੍ਰੋਗੈਵਿਟੀ ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ ਕਿਉਂਕਿ ਸਪੇਸ ਦਾ ਵਾਤਾਵਰਣ ਬਿਲਕੁੱਲ ਵੱਖਰਾ ਹੁੰਦਾ ਹੈ। ਧਰਤੀ ਤੋਂ ਕਰੀਬ 421 ਕਿਲੋਮੀਟਰ ਉੱਪਰ ਉਨ੍ਹਾਂ ਨੇ ਸਪੇਸ ਦੇ ਮਾਹੌਲ ਮੁਤਾਬਕ ਕੰਮ ਕਰਨਾ ਹੁੰਦਾ ਹੈ।

 

ਮਾਰਚ ਵਿਚ ਸਪੇਸ ਵਾਕ ਪ੍ਰੋਗਰਾਮ ਰੱਦ ਹੋਣ ਦੇ ਬਾਅਦ ਹੁਣ ਤੱਕ ਸਪੇਸ ਸਟੇਸ਼ਨ 'ਤੇ 3 ਸਪੇਸ ਸੂਟ ਪਹੁੰਚਾਏ ਜਾ ਚੁੱਕੇ ਹਨ। ਹੁਣ ਇਕੱਠੇ ਤਿੰਨ ਪੁਲਾੜ ਯਾਤਰੀ ਸਪੇਸਵਾਕ ਕਰ ਸਕਦੇ ਹਨ ਪਰ ਇਸ ਸਮੇਂ ਸਿਰਫ ਦੋ-ਦੋ ਪੁਲਾੜ ਯਾਤਰੀ ਭੇਜਣ ਦੀ ਯੋਜਨਾ ਬਣਾਈ ਗਈ ਹੈ। ਤੀਜਾ ਬੈਕਅੱਪ ਸਪੋਰਟ ਵਿਚ ਤਿਆਰ ਰਹੇਗਾ।


author

Vandana

Content Editor

Related News