ਪੀ.ਐੱਮ. ਮੋਦੀ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ 'ਚ ਜਾਰੀ ਹਿੰਸਾ ਦੀ ਕੀਤੀ ਨਿੰਦਾ

01/07/2021 9:31:41 AM

ਨਵੀਂ ਦਿੱਲੀ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੇ ਵਾਸ਼ਿੰਗਟਨ ਵਿਚ ਹੋ ਰਹੀ ਹਿੰਸਾ 'ਤੇ ਚਿੰਤਾ ਜ਼ਾਹਰ ਕੀਤੀ। ਪੀ.ਐੱਮ. ਮੋਦੀ ਨੇ ਕਿਹਾ ਹੈ ਕਿ ਲੋਕਤੰਤਰ ਵਿਚ ਸੱਤਾ ਦਾ ਟਰਾਂਸਫਰ ਸ਼ਾਂਤੀਪੂਰਨ ਢੰਗ ਨਾਲ ਹੋਣਾ ਜ਼ਰੂਰੀ ਹੈ। ਇੱਥੇ ਦੱਸ ਦਈਏ ਕਿ ਵਾਸ਼ਿੰਗਟਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿੱਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸੈਨੇਟ ਵਿਚ ਹੰਗਾਮਾ ਕੀਤਾ।

 

ਆਪਣੇ ਟਵੀਟ ਵਿਚ ਮੋਦੀ ਨੇ ਲਿਖਿਆ,''ਵਾਸ਼ਿੰਗਟਨ ਡੀ.ਸੀ. ਵਿਚ ਹਿੰਸਾ ਅਤੇ ਗੜਬੜੀ ਦੀਆਂ ਖ਼ਬਰਾਂ ਨਾਲ ਉਹਨਾਂ ਨੂੰ ਦੁਖ ਪਹੁੰਚਿਆ ਹੈ।ਸੱਤਾ ਦਾ ਟਰਾਂਸਫਰ ਸਹੀ ਅਤੇ ਸ਼ਾਂਤੀਪੂਰਨ ਢੰਗ ਨਾਲ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੇ ਜ਼ਰੀਏ ਲੋਕਤੰਤਰੀ ਪ੍ਰਕਿਰਿਆ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ।''

PunjabKesari

ਗੌਰਤਲਬ ਹੈ ਕਿ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਹੋਈ ਇਸ ਹਿੰਸਾ ਵਿਚ ਇਕ ਬੀਬੀ ਦੀ ਮੌਤ ਹੋ ਗਈ ਹੈ ਜਦਕਿ ਪੁਲਸ ਦੇ ਨਾਲ ਝੜਪ ਵਿਚ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਹਨ। ਅਮਰੀਕਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਟਰੰਪ ਸਮਰਥਕਾਂ ਨੇ ਸੈਨੇਟ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ। ਨਾਅਰੇਬਾਜ਼ੀ ਕਰਦਿਆਂ ਸੈਨੇਟ ਵਿਚ ਦਾਖਲ ਹੋ ਕੇ ਕਈ ਖੇਤਰਾਂ 'ਤੇ ਕਬਜ਼ਾ ਵੀ ਕੀਤਾ। ਭਾਵੇਂਕਿ ਨੈਸ਼ਨਲ ਗਾਰਡ ਅਤੇ ਹੋਰ ਸੁਰੱਖਿਆ ਬਲਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢ ਦਿੱਤਾ। ਹੁਣ ਇਕ ਵਾਰ ਫਿਰ ਅਮਰੀਕੀ ਕਾਂਗਰਸ ਵਿਚ ਕੰਮ ਸ਼ੁਰੂ ਹੋ ਗਿਆ ਹੈ।

PunjabKesari

ਇਸ ਪ੍ਰਦਰਸ਼ਨ 'ਤੇ ਸਿਰਫ ਪੀ.ਐੱਮ. ਮੋਦੀ ਨੇ ਹੀ ਨਹੀਂ ਸਗੋਂ ਦੁਨੀਆ ਦੇ ਕਈ ਵੱਡੇ ਨੇਤਾਵਾਂ ਨੇ ਵੀ ਅਮਰੀਕਾ ਵਿਚ ਹਿੰਸਾ 'ਤੇ ਚਿੰਤਾ ਜ਼ਾਹਰ ਕੀਤੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਅਮਰੀਕਾ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਜੋ ਚਿੰਤਾ ਵਧਾਉਣ ਵਾਲੀਆਂ ਹਨ। ਸਾਰਿਆਂ ਨੂੰ ਸ਼ਾਂਤੀ ਨਾਲ ਕੰਮ ਲੈਣਾ ਚਾਹੀਦਾ ਹੈ। ਉਹਨਾਂ ਦੇ ਇਲਾਵਾ ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ, ਆਸਟ੍ਰੇਲੀਆਈ ਪੀ.ਐੱਮ. ਸਕੌਟ ਮੌਰੀਸਨ, ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਅਰਡਰਨ ਨੇ ਵੀ ਟਵਿੱਟਰ ਦੇ ਜ਼ਰੀਏ ਅਮਰੀਕੀ ਹਿੰਸਾ ਦੀ ਨਿੰਦਾ ਕੀਤੀ ਹੈ।

 

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਕਲਿੰਟਨ ਨੇ ਹਿੰਸਾ ਦੇ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਆਪਣੇ ਸਮਰਥਕਾਂ ਨੂੰ ਸਮਝਾਉਣ ਦੀ ਅਪੀਲ ਕੀਤੀ।


Vandana

Content Editor

Related News