ਵਿਕਟੋਰੀਅਨ ਸੰਸਦ ''ਚ ਪਹਿਲੀ ਵਾਰ ਮਨਾਇਆ ਗਿਆ ਨਾਨਕਸ਼ਾਹੀ ਨਵਾਂ ਸਾਲ

03/15/2018 8:51:11 AM

ਮੈਲਬੋਰਨ, (ਮਨਦੀਪ ਸੈਣੀ)—ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਰਾਜਧਾਨੀ ਮੈਲਬੋਰਨ ਵਿਖੇ ਵਿਕਟੋਰੀਅਨ ਸੰਸਦ 'ਚ ਪਹਿਲੀ ਵਾਰ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ, ਜਿਸ 'ਚ ਆਸਟਰੇਲੀਆ ਦੀਆਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਿੱਖ ਕੌਮ ਨੂੰ ਵਧਾਈ ਦਿੱਤੀ । ਜ਼ਿਕਰਯੋਗ ਹੈ ਕਿ ਆਸਟਰੇਲੀਆ 'ਚ ਪਹਿਲੀ ਵਾਰ ਸੰਸਦ 'ਚ ਨਾਨਕਸ਼ਾਹੀ ਨਵੇਂ ਸਾਲ ਦਾ ਸਮਾਰੋਹ ਆਯੋਜਿਤ ਕੀਤਾ ਗਿਆ । ਸੁਪਰੀਮ ਸਿੱਖ ਕੌਂਸਲ ਆਫ ਆਸਟਰੇਲੀਆ ਵਲੋਂ ਉਲੀਕੇ ਗਏ ਇਸ ਸਮਾਗਮ 'ਚ 25 ਸਿੱਖ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ।
ਇਸ ਮੌਕੇ ਸੰਸਦ ਦੇ ਦੋਵਾਂ ਸਦਨਾਂ ਦੇ ਸਪੀਕਰਾਂ ਦੇ ਨਾਲ-ਨਾਲ ਵਿਕਟੋਰੀਆ ਦੇ ਮਾਣਯੋਗ ਮੁੱਖ ਮੰਤਰੀ ਡੈਨੀਅਲ ਐਂਡ੍ਰਿਊਜ਼ ਅਤੇ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਦੇ ਨੁਮਾਇੰਦੇ ਵੀ ਸ਼ਾਮਲ ਹੋਏ । ਸਮਾਗਮ ਦੀ ਸ਼ੁਰੂਆਤ ਉੱਘੇ ਕੀਰਤਨੀਏ ਦਇਆ ਸਿੰਘ ਨੇ ਅਰਦਾਸ  ਨਾਲ ਕੀਤੀ। ਇਸ ਤੋਂ ਬਾਅਦ ਭਾਈ ਝਲਮਣ ਸਿੰਘ ਅਤੇ ਸਾਥੀਆਂ ਨੇ ਰਬਾਬ ਅਤੇ ਤਬਲੇ ਦੇ ਸੰਗੀਤ ਨਾਲ ਜੋੜ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। 
ਸੰਸਦ ਦੀ ਰਾਜ ਸਭਾ ਦੇ ਪ੍ਰਧਾਨ ਸਪੀਕਰ ਮਾਣਯੋਗ ਬਰੂਸ ਐਟਕਿਨਸਨ ਨੇ ਸਿੱਖਾਂ ਦੀਆਂ ਉਪਲੱਬਧੀਆਂ 'ਤੇ ਚਾਨਣਾ ਪਾਉਂਦੇ ਹੋਏ ਵਧਾਈ ਦਿੱਤੀ। ਸੰਸਦ ਦੀ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਕੌਲਿਨ ਬਰੁੱਕਸ ਨੇ ਵੀ ਸੰਸਦ ਵਲੋਂ ਸਿੱਖਾਂ ਨੂੰ 'ਜੀ ਆਇਆਂ ਨੂੰ' ਕਿਹਾ । ਲੇਬਰ ਸਰਕਾਰ ਦੇ ਸੰਸਦ ਮੈਂਬਰ ਮਾਣਯੋਗ ਸਟੀਵ ਡਿਮੋਪੋਲਸ, ਜੋ ਮਡੇਨੀਅਲ ਐਂਡ੍ਰਿਊਜ਼ ਦੇ ਬੁਲਾਰੇ ਬਣ ਕੇ ਆਏ ਸਨ, ਨੇ ਵੀ ਸਿੱਖਾਂ ਵਲੋਂ ਕੀਤੇ ਜਾਂਦੇ ਕਾਰਜਾਂ, ਜਿਵੇਂ ਕਿ ਖੂਨ ਦਾਨ ਮੁਹਿੰਮ, ਗਰੀਬਾਂ ਲਈ ਲੰਗਰ ਆਦਿ ਦਾ ਜ਼ਿਕਰ ਕਰਦਿਆਂ ਸਿੱਖ ਕੌਮ ਨੂੰ ਆਸਟਰੇਲੀਆ ਦਾ ਅਹਿਮ ਹਿੱਸਾ ਦੱਸਿਆ। ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਮੈਥਿਊ ਗਾਏ ਦੇ ਨੁਮਾਇੰਦੇ ਮਾਣਯੋਗ ਕਰੇਗ ਉਂਡਾਰਚੀ ਨੇ ਆਸਟਰੇਲੀਆ ਦੇ ਵਿਕਾਸ 'ਚ ਸਿੱਖ ਕੌਮ ਵਲੋਂ ਪਾਏ ਹੋਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਸ ਮੌਕੇ ਵਧਾਈ ਦਿੱਤੀ । ਗਰੀਨਜ਼ ਪਾਰਟੀ ਦੀ ਆਗੂ ਹੁੰਗ ਟਰੁੰਗ ਨੇ ਵੀ ਸਿੱਖ ਕੌਮ ਨੂੰ ਇਸ ਮੌਕੇ ਵਧਾਈ ਦਿੱਤੀ ।
ਅਮਰੀਕਾ ਦੇ ਸਿੱਖ ਰਿਸਰਚ ਇੰਸਟੀਚਿਊਟ ਦੇ ਹਰਿੰਦਰ ਸਿੰਘ ਉਚੇਚੇ ਤੌਰ 'ਤੇ ਇਸ ਸਮਾਗਮ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਨਾਨਕਸ਼ਾਹੀ ਸਾਲ ਤੇ ਸਿੱਖ ਕੌਮ ਦੇ ਅਸੂਲਾਂ 'ਤੇ ਚਾਨਣਾ ਪਾਇਆ । ਸੁਪਰੀਮ ਸਿੱਖ ਕੌਂਸਲ ਆਫ ਆਸਟਰੇਲੀਆ ਦੇ ਸਕੱਤਰ ਅਤੇ ਸਮਾਗਮ ਦੇ ਕਨਵੀਨਰ ਹਰਕੀਰਤ ਸਿੰਘ ਨੇ ਕਿਹਾ ਕਿ ਇਹ ਦਿਨ ਬਹੁਤ ਅਹਿਮ ਹੈ ਅਤੇ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਆਸਟਰੇਲੀਆਈ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸੁਲਝਾਉਣ ਦੀ ਮੰਗ ਰੱਖੀ, ਜਿਸ 'ਚ ਦਸਤਾਰ ਦਾ ਮੁੱਦਾ ਅਹਿਮ ਹੈ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ ਕੌਮ ਨੂੰ ਵਧਾਈ ਸੰਦੇਸ਼ ਭੇਜੇ ।


Related News