ਪੈਂਡੋਰਾ ਪੇਪਰਸ ’ਚ ਭਾਰਤ ਦੇ 5 ਰਾਜਨੇਤਾਵਾਂ ਅਤੇ ਪਾਕਿਸਤਾਨ ਦੇ 700 ਵੱਡੇ ਧਨ ਚੋਰਾਂ ਦੇ ਨਾਂ

Tuesday, Oct 05, 2021 - 11:59 AM (IST)

ਪੈਂਡੋਰਾ ਪੇਪਰਸ ’ਚ ਭਾਰਤ ਦੇ 5 ਰਾਜਨੇਤਾਵਾਂ ਅਤੇ ਪਾਕਿਸਤਾਨ ਦੇ 700 ਵੱਡੇ ਧਨ ਚੋਰਾਂ ਦੇ ਨਾਂ

ਨਵੀਂ ਦਿੱਲੀ (ਇੰਟ.)– ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ (ਆਈ. ਸੀ. ਆਈ. ਜੇ.) ਨੇ ਪੈਂਡੋਰਾ ਪੇਪਰਸ ਜਾਰੀ ਦੁਨੀਆ ਭਰ ਵਿਚ ਤਹਿਲਕਾ ਮਚਾ ਦਿੱਤਾ। ਇਸ ਵਿਚ ਹਾਈ-ਪ੍ਰੋਫਾਈਲ ਵਿਅਕਤੀਆਂ ਦੇ ਵਿੱਤੀ ਰਹੱਸਾਂ ਦਾ ਖੁਲਾਸਾ ਹੈ। ਇਨ੍ਹਾਂ ਹਸਤੀਆਂ ਨੇ ਵਿਦੇਸ਼ ਵਿਚ ਨਿਵੇਸ਼ ਕੀਤੇ ਹਨ ਪਰ ਉਸ ਦੀ ਪੂਰੀ ਜਾਣਕਾਰੀ ਸਰਕਾਰੀ ਏਜੰਸੀਆਂ ਨੂੰ ਨਹੀਂ ਦਿੱਤੀ ਹੈ।

ਪੇਪਰਸ ਵਿਚ 100 ਧਨ ਕੁਬੇਰਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਰੂਸ, ਯੂ. ਕੇ. ਮੈਕਸੀਕੋ ਦੇ ਸੈਲੀਬ੍ਰਿਟੀਆਂ ਦੇ ਨਾਂ ’ਤੇ ਕੰਪਨੀਆਂ ਮਿਲੀਆਂ ਹਨ। ਪੈਂਡੋਰਾ ਪੇਪਰਸ ਜਾਰਡਨ ਦੇ ਰਾਜਾ, ਯੂਕ੍ਰੇਨ, ਕੀਨੀਆ ਦੇ ਰਾਸ਼ਟਰਪਤੀਆਂ, ਚੈੱਕ ਰਿਪਬਲਿਕ ਦੇ ਪ੍ਰਧਾਨ ਮੰਤਰੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਿਯੋਗੀ ਅਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਸੰਬੰਧਤ ਜਾਣਕਾਰੀ ਉਜਾਗਰ ਕਰਦਾ ਹੈ। 3 ਅਕਤੂਬਰ ਨੂੰ ਜਾਰੀ ਸੰਸਥਾ ਦੀ ਰਿਪੋਰਟ ਵਿਚ ਪੀ. ਐੱਨ. ਬੀ. ਘਪਲੇ ਦੇ ਦੋਸ਼ੀ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ, ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ, ਪੌਪ ਸਿੰਗਰ ਸ਼ਕੀਰਾ, ਸੁਪਰ ਮਾਡਲ ਕਲਾਡੀਆ ਸ਼ਿਫਰ ਸਮੇਤ ਕਈ ਹੋਰ ਚੋਟੀ ਦੇ ਨੇਤਾਵਾਂ ਦੇ ਨਾਂ ਸ਼ਾਮਲ ਹਨ। ਪੈਂਡੋਰਾ ਪੇਪਰਸ ਵਿਚ 5 ਭਾਰਤੀ ਰਾਜਨੇਤਾਵਾਂ ਦੇ ਨਾਂ ਆਏ ਹਨ ਪਰ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ।

ਪਾਕਿਸਤਾਨੀਆਂ ਦੇ ਨਾਵਾਂ ਦੀ ਜ਼ਰਾ ਲੰਬੀ ਹੈ ਸੂਚੀ
ਪੈਂਡੋਰਾ ਪੇਪਰਸ ਵਿਚ ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰਿਨ, ਸੀਨੇਟਰ ਫੈਸਲ ਵਾਵੜਾ, ਪੀ. ਐੱਮ. ਐੱਲ.–ਕਿਊ ਨੇਤਾ ਚੌਧਰੀ ਮੂਨਿਸ ਇਲਾਹੀ, ਇਸਹਾਕ ਡਾਰ ਦੇ ਬੇਟੇ, ਪੀ. ਪੀ. ਪੀ. ਦੇ ਸ਼ਰਜੀਲ ਮੇਮਨ, ਉਦਯੋਗ ਅਤੇ ਉਤਪਾਦਨ ਮੰਤਰੀ ਖੁਸਰੋ ਬਖਤਿਆਰ ਦਾ ਪਰਿਵਾਰ, ਪੀ. ਟੀ. ਆਈ. ਨੇਤਾ ਅਬਦੁੱਲ ਅਲੀਮ ਖਾਨ, ਐਕਸੈਕਟ ਦੇ ਸੀ. ਈ. ਓ. ਸ਼ੋਏਬ ਸ਼ੇਖ ਦੇ ਨਾਂ ਹਨ। ਕੁਝ ਸੇਵਾਮੁਕਤ ਫੌਜੀ ਅਧਿਕਾਰੀਆਂ, ਕਾਰੋਬਾਰੀਆਂ ਅਤੇ ਮੀਡੀਆ ਕੰਪਨੀ ਦੇ ਮਾਲਕਾਂ ਦੇ ਨਾਂ ਵੀ ਸਾਹਮਣੇ ਆਏ ਹਨ।

ਪੇਪਰਸ ਵਿਚ ਕੁਲ 700 ਤੋਂ ਵਧ ਪਾਕਿਸਤਾਨੀਆਂ ਦਾ ਨਾਂ ਲਿਆ ਗਿਆ ਹੈ। ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਦੇ ਅੰਦਰੂਨੀ ਸਰਕਲ ਦੇ ਪ੍ਰਮੁੱਖ ਮੈਂਬਰ, ਜਿਨ੍ਹਾਂ ਵਿਚ ਕੈਬਨਿਟ ਮੰਤਰੀ, ਉਨ੍ਹਾਂ ਦੇ ਪਰਿਵਾਰ ਅਤੇ ਪ੍ਰਮੁੱਖ ਵਿੱਤੀ ਹਮਾਇਤੀ ਸ਼ਾਮਲ ਹਨ, ਖੁਫੀਆ ਰੂਪ ਵਿਚ ਕਈ ਕੰਪਨੀਆਂ ਅਤੇ ਟਰੱਸਟਾਂ ਦੇ ਮਾਲਕੀਅਤ ਵਿਚ ਹਨ, ਜਿਨ੍ਹਾਂ ਕੋਲ ਲੱਖਾਂ ਡਾਲਰ ਦੀ ਲੁਕੀ ਹੋਈ ਜਾਇਦਾਦ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਹੈ ਕਿ ਇਮਰਾਨ ਖਾਨ ਕੋਲ ਵੀ ਅਜਿਹੀ ਕੋਈ ਜਾਇਦਾਦ ਹੈ ਜਾਂ ਨਹੀਂ।

25 ਮੌਜੂਦਾ ਤੇ ਸਾਬਕਾ ਰਾਸ਼ਟਰ ਪ੍ਰਧਾਨਾਂ, 330 ਤੋਂ ਵਧ ਰਾਜਨੇਤਾਵਾਂ ਦੀਆਂ ਫਾਈਲਾਂ
ਦੁਨੀਆ ਭਰ ਦੇ ਰਿਪੋਰਟਰਾਂ ਅਤੇ ਮੀਡੀਆ ਸੰਸਥਾਵਾਂ ਦੀ ਵਾਸ਼ਿੰਗਟਨ ਸਥਿਤ ਸੰਸਥਾ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਕੋਲ ਭਾਰਤ ਸਮੇਤ 91 ਦੇਸ਼ਾਂ ਦੇ ਲਗਭਗ 35 ਮੌਜੂਦਾ ਅਤੇ ਸਾਬਕਾ ਰਾਸ਼ਟਰ ਪ੍ਰਧਾਨਾਂ, 330 ਤੋਂ ਵਧ ਰਾਜਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਫਾਈਲਾਂ ਹਨ।

ਤੇਂਦੁਲਕਰ ਦੇ ਵਕੀਲ ਨੇ ਕਿਹਾ–ਨਿਵੇਸ਼ ਕਾਨੂੰਨੀ ਰੂਪ ਨਾਲ ਜਾਇਜ਼
ਤੇਂਦੁਲਕਰ ਦੇ ਵਕੀਲ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਦਾ ਨਿਵੇਸ਼ ਕਾਨੂੰਨੀ ਰੂਪ ਨਾਲ ਜਾਇਜ਼ ਹੈ ਅਤੇ ਉਸ ਦੇ ਬਾਰੇ ਵਿਚ ਟੈਕਸ ਅਧਿਕਾਰੀਆਂ ਨੂੰ ਜਾਣਕਾਰੀ ਹੈ। ਸ਼ਕੀਰਾ ਦੇ ਵਕੀਲ ਨੇ ਕਿਹਾ ਕਿ ਪੌਪ ਸਿੰਗਰ ਆਪਣੀਆਂ ਕੰਪਨੀਆਂ ਤੋਂ ਟੈਕਸ ਐਡਵਾਂਟੇਜ ਨਹੀਂ ਲੈ ਰਹੀਆਂ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਨਾਲ ਜੁੜੀ ਜ਼ਰੂਰੀ ਜਾਣਕਾਰੀ ਸਰਕਾਰ ਨੂੰ ਦਿੱਤੀ ਹੋਈ ਹੈ।


author

Vandana

Content Editor

Related News