ਇਟਲੀ ਦੇ ਤੁਸਕਾਨਾ ਸੂਬੇ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
Wednesday, May 24, 2023 - 01:09 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਤੁਸਕਾਨਾ ਸੂਬੇ ਦੇ ਜ਼ਿਲ੍ਹਾ ਸੈਨਾ ਦੇ ਪਿੰਡ ਤੋਰੀਤਾ ਦੀ ਸੈਨਾ ਵਿਖੇ ਤੀਜਾ ਮਹਾਨ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਨਿਵਾਸ ਮੋਨਤੇ ਸਨ ਸਾਵੀਨੋ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਮਹਾਨ ਨਗਰ ਕੀਰਤਨ ਵਿਚ ਇਸ ਇਲਾਕੇ ਦੇ ਐੱਮ.ਪੀ. ਸਿਲਵੀਉ ਫਰਾਂਚੇਲੀ, ਸਥਾਨਕ ਮੇਅਰ ਸਮੇਤ ਕਈ ਸਰਕਾਰੀ ਅਤੇ ਗੈਰ-ਸਰਕਾਰੀ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆ ਦਿੰਦੇ ਹੋਏ ਆਖਿਆ ਕਿ ਇਟਲੀ ਇਕ ਅਜਿਹਾ ਦੇਸ਼ ਹੈ, ਜਿੱਥੇ ਹਰ ਧਰਮ ਨੂੰ ਬਰਾਬਰ ਦਾ ਅਧਿਕਾਰ ਅਤੇ ਸਭ ਦਾ ਸਨਮਾਨ ਕੀਤਾ ਜਾਂਦਾ ਹੈ।
ਇਸ ਮੌਕੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਮੁੱਖ ਸਿੰਘ ਜੌਹਲ ਅਤੇ ਭਾਈ ਸਰਬਜੀਤ ਸਿੰਘ ਮਾਣਕਪੁਰੀ ਵੱਲੋਂ ਕਵਸ਼ੀਰੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੱਤਕੇ ਵਾਲੇ ਸਿੰਘਾਂ ਵੱਲੋਂ ਗੱਤਕਾ ਦੇ ਜੌਹਰ ਵਿਖਾਏ ਗਏ। ਨਗਰ ਕੀਰਤਨ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨ੍ਹਤ ਕੀਤਾ ਗਿਆ। ਇਸ ਮੌਕੇ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਸੰਸਦ ਮੈਂਬਰ ਸਿਲਵੀਉ ਫਰਾਂਚੇਲੀ ਨੇ ਆਖਿਆ ਕਿ ਉਨਾਂ ਨੂੰ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਬਹੁਤ ਚੰਗਾ ਲੱਗਿਆ ਤੇ ਉਹ ਇਸ ਪਿੰਡ ਦੇ ਨਾਗਰਿਕਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਭੱਵਿਖ ਵਿਚ ਜਦੋਂ ਵੀ ਕੋਈ ਪ੍ਰੋਗਰਾਮ ਉਲੀਕਦੇ ਹਨ ਤਾਂ ਪ੍ਰਸ਼ਾਸ਼ਨ ਵੱਲੋਂ ਉਨਾਂ ਨੂੰ ਪੂਰਾ ਸਹਿਯੋਗ ਮਿਲੇਗਾ। ਸਥਾਨਕ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਪ੍ਰਬੰਧ ਆਪਣੇ ਆਪ ਵਿਚ ਕਾਬਿਲ-ਏ-ਤਾਰੀਫ ਸਨ। ਸਥਾਨਕ ਟਰੈਫਿਕ ਪੁਲਸ ਵੱਲੋਂ ਰਸਤਿਆਂ ਨੂੰ ਬੜੇ ਹੀ ਸੁਚੱਜੇ ਤਰੀਕੇ ਨਾਲ ਬੰਦ ਕਰਕੇ ਆਪਣਾ ਫਰਜ਼ ਨਿਭਾਇਆ ਗਿਆ। ਨੌਜਵਾਨ ਸੇਵਾਦਾਰਾਂ ਵੱਲੋਂ ਕਈ ਤਰ੍ਹਾਂ ਦੇ ਸਟਾਲਾਂ ਦੇ ਪ੍ਰਬੰਧ ਕੀਤੇ ਗਏ ਸਨ।