ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ, ''ਬੋਲੇ ਸੋ ਨਿਹਾਲ'' ਦੇ ਜੈਕਾਰਿਆਂ ਨਾਲ ਗੂੰਜੀ ਇਟਲੀ
Sunday, Nov 13, 2022 - 02:37 AM (IST)
ਰੋਮ(ਕੈਂਥ) : 15ਵੀਂ ਸਦੀ ਵਿੱਚ ਦੁਨੀਆਂ ਦੇ 5ਵੇਂ ਵੱਡੇ ਧਰਮ ਮਹਾਨ ਸਿੱਖ ਧਰਮ ਦੇ ਸਿਰਜਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹਨਾਂ ਦਾ ਆਗਮਨ 1469 ਈ: ਨੂੰ ਹੋਇਆ ਤੇ 8 ਨਵੰਬਰ 2022 ਨੂੰ ਦੁਨੀਆ ਭਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ 553ਵਾਂ ਆਗਮਨ ਪੁਰਬ ਸਿੱਖ ਸੰਗਤ ਵੱਲੋਂ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸੇ ਸੰਬਧ ਵਿੱਚ ਇਟਲੀ ਦੇ ਪੁਰਾਣੇ ਗੁਰਦਆਰਾ ਸਾਹਿਬ ਸਿੰਘ ਸਭਾ ਨੋਵੇਰਾਲਾ(ਰਿਜੋਇਮਿਲੀਆ)ਵੱਲੋਂ ਸਿੱਖੀ ਦੇ ਪਿਤਾਮਾ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆ ਤੇ ਪੰਜ ਨਿਸ਼ਾਨੀ ਸਿੰਘਾਂ ਵੱਲੋਂ ਕੀਤੀ ਗਈ ।ਇਟਲੀ ਦੇ ਕੋਨੇ ਕੋਨੇ ਤੋਂ ਆਈਆਂ ਸਿੱਖ ਸੰਗਤਾਂ ਨੇ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਵੀਸ਼ਰ ਮਹਾਨ ਸਿੱਖ ਦਾ ਲਾਸਾਨੀ ਤੇ ਗੌਰਵਮਈ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਮਜ਼ਦੂਰਾਂ ਨੂੰ ਬਣਾਇਆ ਨਿਸ਼ਾਨਾ, ਗੋਲੀਬਾਰੀ 'ਚ 2 ਜ਼ਖ਼ਮੀ
ਇਸ ਵਿੱਚ ਗਿਆਨੀ ਸੁਰਜੀਤ ਸਿੰਘ ਦੇ ਕੀਰਤਨੀ ਜੱਥੇ ਨੇ ਰਸ ਭਿੰਨੇ ਕੀਰਤਨ ਦਾ ਲੰਬੀ ਹਾਜ਼ਰੀ ਭਰੀ।ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਹਰੀ ਸਿੰਘ ਨਲੂਆ ਗਤਕਾ ਅਖਾੜਾ ਨੋਵੇਲਾਰਾ(ਰਿਜੋਇਮਿਲੀਆ)ਦੇ ਸਿੰਘ ਸਿੰਘਣੀਆਂ ਵੱਲੋਂ ਗਤਕਾ ਕਲਾ ਦੇ ਹੈਰਤਅੰਗੇਜ ਜੌਹਰ ਵੀ ਦਿਖਾਏ ਗਏ।ਇਸ ਨਗਰ ਕੀਰਤਨ ਵਿੱਚ ਜਿੱਥੇ ਇਟਲੀ ਭਰ ਤੋਂ ਸੰਗਤ ਨੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ ਉੱਥੇ ਇਟਾਲੀਅਨ ਉੱਚ ਪ੍ਰਸ਼ਾਸਨਕ ਅਧਿਕਾਰੀ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਸੰਗਤ ਨੂੰ ਗੁਰਪੁਰਬ ਦੀ ਵਿਸ਼ੇਸ਼ ਵਧਾਈ ਦਿੱਤੀ।ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਦਿਨ-ਰਾਤ ਇੱਕ ਕਰਨ ਵਾਲੀ ਨਵ-ਗਠਿਤ ਸਿੱਖ ਸੰਸਥਾ ਯੂਨੀਅਨ ਸਿੱਖ ਇਟਲੀ (ਰਜਿ:)ਵੱਲੋਂ ਵੀ ਨਗਰ ਕੀਰਤਨ ਵਿੱਚ ਸੇਵਾ ਕਰਦਿਆਂ ਸੰਗਤ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਰਨਾ ਨੇ MCD ਚੋਣਾਂ ਲੜਨ ਤੋਂ ਕੀਤਾ ਇਨਕਾਰ
ਭਾਈ ਸਤਵਿੰਦਰ ਸਿੰਘ ਬਾਜਵਾ ਪ੍ਰਧਾਨ ਸਿੱਖ ਯੂਨੀਅਨ ਇਟਲੀ ਨੇ ਕਿਹਾ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਤੇ ਜਿਹੜਾ ਬੇੜਾ ਉਹਨਾਂ ਇਟਲੀ ਵਿੱਚ ਧਰਮ ਨੂੰ ਰਜਿਸਟਰਡ ਕਰਨ ਦਾ ਚੁੱਕਿਆ ਗੁਰੂ ਸਾਹਿਬ ਜਲਦ ਨੇਪੜੇ ਚਾੜ੍ਹਨ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਕੇ ਨਗਰ ਨੋਵੇਲਾਰਾ ਦੀ ਪਰਿਕਰਮਾ ਕਰਦਾ ਗੁਰਦਆਰਾ ਸਾਹਿਬ ਸੰਪੂਰਨ ਹੋਇਆ। ਪ੍ਰਬੰਧਕਾਂ ਵੱਲੋਂ ਸਮੂਹ ਸੇਵਾਦਾਰਾਂ ਤੇ ਪ੍ਰਸ਼ਾਸਨਕ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਭ ਸੰਗਤ ਦਾ ਨਗਰ ਕੀਰਤਨ ਵਿੱਚ ਸ਼ਿਰਕਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਹਾਜ਼ਰ ਸੰਗਤ ਲਈ ਗੁਰੂ ਦੇ ਅਨੇਕਾਂ ਪਦਾਰਥਾਂ ਦੇ ਅਤੁੱਟ ਭੰਡਾਰੇ ਵਰਤੇ।