ਇਟਲੀ ਦੇ ਸ਼ਹਿਰ ਤੈਰਾਨੌਵਾ ''ਚ ਸਜਾਏ ਨਗਰ ਕੀਰਤਨ ਵਿੱਚ ਸੰਗਤਾਂ ਦਾ ਹੋਇਆ ਬੇਮਿਸਾਲ ਇਕੱਠ
Thursday, May 26, 2022 - 02:42 AM (IST)
ਮਿਲਾਨ/ਇਟਲੀ (ਸਾਬੀ ਚੀਨੀਆ) : ਇਟਲੀ ਦੀ ਤੋਸਕਾਨਾ ਸਟੇਟ ਦੇ ਕਸਬਾ ਤੈਰਾਨੌਵਾ ਦੇ ਗੁਰਦੁਆਰਾ ਸੰਗਤ ਸਭਾ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਆਖੀ ਜਾ ਸਕਦੀ ਹੈ ਕਿ ਜਿੱਥੇ ਅੱਤ ਦੀ ਗਰਮੀ 'ਚ ਸਿੱਖ ਸੰਗਤਾਂ ਨੇ ਦੂਰ-ਦੂਰ ਤੋਂ ਪਹੁੰਚ ਕੇ ਹਾਜ਼ਰੀਆਂ ਭਰਦੇ ਹੋਏ ਆਪਣਾ ਜੀਵਨ ਸਫਲ ਬਣਾਇਆ, ਉੱਥੇ ਨੇੜਲੇ ਸ਼ਹਿਰਾਂ ਦੇ ਮੇਅਰ ਅਤੇ ਸਮੁੱਚਾ ਨਗਰ ਕੌਂਸਲ ਪ੍ਰਸ਼ਾਸਨ ਵੀ ਉਚੇਚੇ ਤੌਰ 'ਤੇ ਮੌਜੂਦ ਸੀ, ਜਿਨ੍ਹਾਂ ਵੱਲੋਂ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਹਰ ਯੋਗਦਾਨ ਪਾਉਣ ਦੇ ਨਾਲ-ਨਾਲ ਸਵੇਰ ਤੋਂ ਦੇਰ ਸ਼ਾਮ ਤੱਕ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਰੌਣਕਾਂ ਨੂੰ ਚਾਰ ਚੰਨ੍ਹ ਲਾਏ ਗਏ।
ਇਹ ਵੀ ਪੜ੍ਹੋ : ਖੰਡ ਮਿੱਲਾਂ ਦੀ ਬਕਾਇਆ ਰਾਸ਼ੀ ਸਬੰਧੀ ਅੱਜ ਚੱਕਾ ਜਾਮ ਦਾ ਪ੍ਰੋਗਰਾਮ ਇਕ ਦਿਨ ਲਈ ਮੁਲਤਵੀ
ਇਸ ਮੌਕੇ ਮੌਜੂਦ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ। ਸ਼ਮਸ਼ੀਰ-ਏ-ਖਾਲਸਾ ਗੱਤਕਾ ਅਕੈਡਮੀ ਸੁਜਾਰਾ ਦੇ ਸਿੰਘ ਵੱਲੋਂ ਗੱਤਕਾ ਕਲਾ ਦੇ ਜੌਹਰ ਵਿਖਾਏ ਗਏ, ਜਦ ਕਿ ਗੁਰਮੁੱਖ ਸਿੰਘ ਜੌਹਲ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾਂ ਨਾਲ ਨਿਹਾਲ ਕੀਤਾ। ਨੌਜਵਾਨਾਂ ਨੇ ਸੁਚੱਜੇ ਢੰਗ ਨਾਲ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਨਗਰ ਕੀਰਤਨ ਵਿੱਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਬੀਬੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ 'ਚ ਰੱਖਦਿਆਂ ਤਪਦੀ ਧੱਪ ਵਿੱਚ ਪਾਣੀ ਦਾ ਛੜਕਾਅ ਕਰਕੇ ਰਸਤਿਆਂ ਦੀ ਸਫਾਈ ਕਰਨ ਦੀ ਸੇਵਾ ਨਿਭਾਈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਕੁਲਫੀ ਦੇ ਪੈਸਿਆਂ ਨੂੰ ਲੈ ਕੇ ਚੱਲੀਆਂ ਗੋਲੀਆਂ
ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਿਰਾਂ 'ਤੇ ਕੇਸਰੀ ਦਸਤਾਰਾਂ ਅਤੇ ਦੁਪੱਟੇ ਲੈ ਕੇ ਪੁੱਜੀਆਂ ਸੰਗਤਾਂ ਨੂੰ ਵੇਖ ਕੇ ਲੱਗ ਰਿਹਾ ਸੀ ਜਿਵੇਂ ਇਟਲੀ ਦੇ ਸ਼ਹਿਰ ਤੈਰਾਨੌਵਾ ਵਿੱਚ ਕੇਸਰੀ ਰੰਗ ਦਾ ਦਿਨ ਚੜ੍ਹਿਆ ਹੋਵੇ। ਨੌਜਵਾਨਾਂ ਵੱਲੋਂ ਲਾਏ 'ਬੋਲੇ ਸੋ ਨਿਹਾਲ' ਦੇ ਜੈਕਾਰਿਆ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ। ਇਟਾਲੀਅਨ ਮੀਡੀਆ ਤੋਂ ਇਲਾਵਾ ਇਸ ਪੂਰੇ ਨਗਰ ਕੀਰਤਨ ਨੂੰ 'ਯੂਰਪ ਨਿਊਜ਼ ਟੀ ਵੀ' ਦੀ ਟੀਮ ਵੱਲੋਂ ਲਾਈਵ ਟੈਲੀਕਾਸਟ ਰਾਹੀਂ ਦੇਸ਼-ਵਿਦੇਸ਼ 'ਚ ਬੈਠੀਆਂ ਸੰਗਤਾਂ ਨੂੰ ਨਗਰ ਕੀਰਤਨ ਦੇ ਦਰਸ਼ਨ ਕਰਵਾਏ ਗਏ।