ਇਟਲੀ : ਨਗਰ ਕੀਰਤਨ ''ਚ ਇਟਾਲੀਅਨ ਐੱਮਪੀ ਤੇ ਅਧਿਕਾਰੀ ਵਿਸ਼ੇਸ਼ ਤੌਰ ''ਤੇ ਕਰਨਗੇ ਸ਼ਮੂਲੀਅਤ
Monday, May 15, 2023 - 01:04 AM (IST)
ਮਿਲਾਨ/ਇਟਲੀ (ਸਾਬੀ ਚੀਨੀਆ) : ਇਟਲੀ ਦੇ ਤੁਸਕਾਨਾ ਸੂਬੇ ਦੇ ਜ਼ਿਲ੍ਹਾ ਸੈਨਾ ਦੇ ਪਿੰਡ 'ਤੋਰੀਤਾ ਦੀ ਸੈਨਾ' ਵਿਖੇ ਤੀਜਾ ਮਹਾਨ ਨਗਰ ਕੀਰਤਨ 21 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਇਸ ਸਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਤੇ ਸਮੁੱਚੀਆਂ ਸੰਗਤਾਂ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕ ਨਿਵਾਸ ਤੇ ਮੁਨਤੇ ਸਨ ਸਾਵੀਨੋ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਇਸ ਮਹਾਨ ਨਗਰ ਕੀਰਤਨ 'ਚ ਇਸ ਇਲਾਕੇ ਦੇ ਐੱਮਪੀ ਸਿਲਵੀਉ ਫਰਾਂਚੇਲੀ ਅਤੇ ਇਟਾਲੀਅਨ ਪ੍ਰਸ਼ਾਸਨ ਦੇ ਸਰਕਾਰੀ ਤੇ ਗੈਰ-ਸਰਕਾਰੀ ਸ਼ਖਸੀਅਤਾਂ ਵੀ ਉਚੇਚੇ ਤੌਰ 'ਤੇ ਨਤਮਸਤਕ ਹੋ ਕੇ ਸਿੱਖ ਸੰਗਤਾਂ ਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਵਧਾਈਆਂ ਦੇਣਗੀਆਂ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪੁਲਾੜ ’ਚ ਖੁੱਲ੍ਹ ਰਿਹੈ ਸ਼ਾਨਦਾਰ ਰੈਸਟੋਰੈਂਟ, ਉੱਡਦੇ ਹੋਏ ਖਾ ਸਕੋਗੇ ਖਾਣਾ
ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਪਹੁੰਚ ਕੇ ਆਈਆਂ ਸੰਗਤਾਂ ਨੂੰ ਸਿੱਖਾਂ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਉਣਗੇ, ਜਦ ਕਿ ਗੱਤਕੇ ਵਾਲੇ ਸਿੰਘਾਂ ਦੁਆਰਾ ਗੱਤਕਾ ਕਲਾ ਦੇ ਜੌਹਰ ਵਿਖਾਏ ਜਾਣਗੇ। ਦੱਸਣਯੋਗ ਹੈ ਕਿ ਇਸ ਇਲਾਕੇ 'ਚ ਰਹਿੰਦੀਆਂ ਸੰਗਤਾਂ ਵੱਲੋਂ ਧਾਰਮਿਕ ਸਮਾਗਮਾਂ ਨੂੰ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਕਰਵਾਇਆ ਜਾਂਦਾ ਹੈ। ਇਲਾਕੇ 'ਚ ਵੱਸਦੀਆਂ ਸੰਗਤਾਂ ਅਤੇ ਸੇਵਾਦਾਰਾਂ 'ਚ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਬੜਾ ਉਤਸ਼ਾਹ ਵੇਖਿਆ ਜਾ ਰਿਹਾ ਹੈ। ਸਟਾਲਾਂ ਦੀ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਵੱਲੋਂ ਕਮੇਟੀ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।