ਖਾਲਸਾ ਸਾਜਨਾ ਦਿਵਸ ਮੌਕੇ ਸਿਨਸਿਨਾਟੀ ''ਚ ਸ਼ਾਹੀ ਜਾਹੋ-ਜਲਾਲ ਨਾਲ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ
Tuesday, Apr 22, 2025 - 04:23 PM (IST)

ਸਿਨਸਿਨਾਟੀ (ਰਾਜ ਗੋਗਨਾ)- ਬੀਤੇ ਦਿਨ ਖਾਲਸਾ ਸਾਜਨਾ ਦਿਵਸ ਮੌਕੇ ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਸਿਨਸਿਨਾਟੀ ਵਿਖੇ ਖਾਲਸਾ ਸਾਜਨਾ ਦਿਵਸ ਹਰ ਸਾਲ ਵਾਂਗ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਸੰਬੰਧੀ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਪੰਜ ਪਿਆਰਿਆਂ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਏ ਗਏ।
ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਇਸ਼ੀ ਅਬਾਦੀਆਂ ਵਿੱਚੋਂ ਲੰਘਿਆ। ਸਿਨਸਿਨਾਟੀ ਤੋਂ ਬਾਬਾ ਜਵੰਦ ਸਿੰਘ ਮਿਸਲ ਸ਼ਹੀਦਾ ਗਤਕਾ ਅਤੇ ਇੰਡਿਆਨਾ ਤੋਂ ਪੁੱਜੇ ਬਾਬਾ ਫਤਹਿ ਸਿੰਘ ਜੀ ਗਤਕਾ ਅਖਾੜਾ ਜੱਥੇ ਦੇ 4 ਸਾਲ ਦੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਸਿੰਘ ਅਤੇ ਸਿੰਘਣੀਆਂ ਨੇ ਨਗਰ ਕੀਰਤਨ ਦੌਰਾਨ ਗਤਕੇ ਦੇ ਜੌਹਰ ਦਿਖਾਏ।
ਸੰਗਤ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ, ਜਿਸ ਵਿੱਚ ਡੇਟਨ, ਗੁਆਂਢੀ ਰਾਜਾਂ ਦੇ ਸ਼ਹਿਰਾਂ ਜਿਵੇਂ ਕਿ ਇੰਡੀਆਨਾਪੋਲਿਸ (ਇੰਡੀਆਨਾ) ਅਤੇ ਕੈਂਟਕੀ ਦੇ ਕਈ ਸ਼ਹਿਰਾਂ ਤੋਂ ਸੰਗਤਾਂ ਨੇ ਨਗਰ ਕੀਰਤਨ ‘ਚ ਹਾਜ਼ਰੀ ਭਰੀ। ਅਮਰੀਕੀਆਂ ਨੇ ਵੀ ਆਪਣੇ ਘਰਾਂ ਦੇ ਬਾਹਰ ਆ ਕੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਭਾਈ ਪਰਮਜੀਤ ਸਿੰਘ ਲੁਧਿਆਣੇ ਵਾਲੇ, ਭਾਈ ਜੀਤ ਸਿੰਘ, ਭਾਈ ਅੰਗਦਦੀਪ ਸਿੰਘ ਨੇ ਰਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਵਿਸਾਖੀ ਦੇ ਇਨ੍ਹਾਂ ਸਮਾਗਮਾਂ ਦੌਰਾਨ ਪੂਰਾ ਹਫਤਾ ਢਾਡੀ ਜਥੇ ਭਾਈ ਕੁਲਵੰਤ ਸਿੰਘ ਪੰਡੋਰੀ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ ਅਤੇ ਭਾਈ ਜਗਬੀਰ ਸਿੰਘ ਨੇ ਕਥਾ ਦੁਆਰਾ ਗਿਆਨ ਸਾਂਝਾ ਕੀਤਾ। ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਫਤ ਮੈਡੀਕਲ ਕੈੰਪ ਵੀ ਲਗਾਇਆ ਗਿਆ ਜਿਸ ਵਿੱਚ ਬਲੱਡ ਪ੍ਰੈਸ਼ਰ, ਡਾਕਟਰੀ ਚੈੱਕਅਪ ਅਤੇ ਸਲਾਹ ਮਸ਼ਵਰਾ ਆਦਿ ਵੀ ਦਿੱਤਾ ਗਿਆ। ਸਿੱਖ ਭਾਈਚਾਰੇ ਦੇ ਡਾਕਟਰੀ ਖਿੱਤੇ ਨਾਲ ਜੁੜੇ ਮੈਂਬਰਾਂ ਨੇ ਇਹ ਸੇਵਾ ਕੀਤੀ। ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ, ਸੇਵਾਦਾਰਾਂ ਅਤੇ ਸ਼ਹਿਰ ਵਿੱਚ ਕੱਢੇ ਗਏ ਨਗਰ ਕੀਰਤਨ ’ਚ ਆਪਣੀਆਂ ਸੇਵਾਵਾਂ ਦੇਣ ਲਈ ਵੈਸਟ ਚੈਸਟਰ ਪੁਲਸ ਦਾ ਧੰਨਵਾਦ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e