ਇਟਲੀ : ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 24ਵਾਂ ਵਿਸ਼ਾਲ ਨਗਰ ਕੀਰਤਨ 12 ਅਪ੍ਰੈਲ ਨੂੰ
Wednesday, Apr 02, 2025 - 02:12 PM (IST)

ਨੋਵੇਲਾਰਾ (ਦਲਵੀਰ ਸਿੰਘ ਕੈਂਥ)- 1699 ਈ: ਦੀ ਵਿਸਾਖੀ ਨੂੰ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਜੋ ਕ੍ਰਾਂਤੀਕਾਰੀ ਪੰਥ ਸਾਜਿਆ, ਜਿਸ ਨੇ ਸਦੀਆਂ ਤੋਂ ਦੱਬੇ ਕੁੱਚਲੇ 'ਤੇ ਕਮਜ਼ੋਰ ਲੋਕਾਈ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸੂਰਬੀਰ ,ਯੋਧੇ 'ਤੇ ਬਲੀ ਬਣਾ ਦਿੱਤਾ ਅਤੇ ਪੰਜ ਸੀਸ ਲੈ ਕੇ ਪੰਜ ਪਿਆਰੇ ਸਾਜੇ। ਉਨ੍ਹਾਂ ਪੰਜਾਂ ਤੋਂ ਆਪ ਅੰਮ੍ਰਿਤ ਦੀ ਦਾਤ ਲਈ ਅਤੇ ਸੰਸਾਰ ਵਿੱਚ "ਆਪੇ ਗੁਰ ਚੇਲਾ" ਅਖਵਾਏ। ਉਸ ਮਹਾਨ ਕ੍ਰਾਂਤੀਕਾਰੀ ਦਿਨ ਨੂੰ ਖ਼ਾਲਸਾ ਸਾਜਨਾ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਏ ਜਾਂਦੇ ਹਨ। ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਇਟਲੀ ਵਿੱਚ ਸਿੱਖੀ ਦਾ ਬੂਟਾ ਲਾਉਣ ਵਾਲੇ ਪ੍ਰਥਮ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਇਟਲੀ ਵਿਖੇ 12 ਅਪ੍ਰੈਲ ਦਿਨ ਸ਼ਨੀਵਾਰ ਨੂੰ 24ਵਾਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਪੰਨੂੰ ਆਪਣੀਆਂ ਲੂੰਬੜ ਚਾਲਾਂ ਤੋਂ ਬਾਝ ਆਵੇ ਨਹੀਂ ਤਾਂ ਭੁਗਤਣਾ ਪਵੇਗਾ ਖਮਿਆਜ਼ਾ'
ਪ੍ਰਬੰਧਕ ਕਮੇਟੀ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 10 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਪ੍ਰਾਰੰਭ ਕਰਵਾਏ ਜਾਣਗੇ ਅਤੇ 12 ਅਪ੍ਰੈਲ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ। ਉਪਰੰਤ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਢਾਡੀ ਗਿਆਨੀ ਜਵਾਲਾ ਸਿੰਘ ਪਤੰਗਾ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰੇਗਾ। ਉਨ੍ਹਾਂ ਤੋਂ ਇਲਾਵਾ ਕੀਰਤਨੀ ਜਥਾ ਭਾਈ ਜਗਮੋਹਨ ਸਿੰਘ ਕਥਾ ਵਾਚਕ ਭਾਈ ਦਿਲਬਾਗ ਸਿੰਘ ਨਵਾਂ ਸ਼ਹਿਰ ਵਾਲੇ ਅਤੇ ਕਥਾਵਾਚਕ ਗਿਆਨੀ ਤਲਵਿੰਦਰ ਸਿੰਘ ਨਵਾਂ ਸ਼ਹਿਰ ਵਾਲੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕਰਨਗੇ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਟਲੀ ਅਤੇ ਯੂਰਪ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਅਪੀਲ ਹੈ ਕਿ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਹੁਮ ਹੁਮਾ ਕੇ ਹਾਜਰੀ ਭਰੋ, ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।