ਨਵਾਂ ਕਾਨੂੰਨ ਲਾਗੂ, ਮਰਦ ਅਤੇ ਔਰਤਾਂ ਦੋਹਾਂ ਨੂੰ ਜੁਆਇਨ ਕਰਨੀ ਹੋਵੇਗੀ ਫ਼ੌਜ, ਨਹੀਂ ਤਾਂ ਹੋਵੇਗੀ ਸਜ਼ਾ
Tuesday, Feb 13, 2024 - 12:02 PM (IST)
ਯੰਗੂਨ (ਏਜੰਸੀ) : ਮਿਆਂਮਾਰ ਵਿਚ ਜਾਰੀ ਐਮਰਜੈਂਸੀ ਦੇ ਦੌਰਾਨ ਮਿਆਂਮਾਰ ਦੀ ਫੌਜੀ ਸਰਕਾਰ ਨੇ ਸਾਰੇ ਨੌਜਵਾਨਾਂ ਲਈ ਲਾਜ਼ਮੀ ਫੌਜੀ ਸੇਵਾ ਲਾਗੂ ਕਰ ਦਿੱਤੀ ਹੈ। ਇਸ ਭਰਤੀ ਕਾਨੂੰਨ ਦੇ ਸਰਗਰਮ ਹੋਣ ਨਾਲ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਲਾਜ਼ਮੀ ਤੌਰ ’ਤੇ ਫੌਜ ’ਚ ਭਰਤੀ ਹੋਣਾ ਹੋਵੇਗਾ। ਭਰਤੀ ਤੋਂ ਬਚਣ ਵਾਲਿਆਂ ਨੂੰ 3 ਤੋਂ 5 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਸਟੇਟ ਮੀਡੀਆ ਨੇ ਕਿਹਾ ਹੈ ਕਿ ਫੌਜੀ ਸਰਕਾਰ ਨੇ ਨਵੇਂ ਭਰਤੀ ਕਾਨੂੰਨਾਂ ਦਾ ਐਲਾਨ ਕੀਤਾ ਹੈ ਜਿਸ ਨਾਲ ਦੇਸ਼ ਦੀ ਚੱਲ ਰਹੀ ਐਮਰਜੈਂਸੀ ਦੀ ਸਥਿਤੀ ਦੇ ਦੌਰਾਨ ਸਾਰੀਆਂ ਨੌਜਵਾਨ ਔਰਤਾਂ ਅਤੇ ਮਰਦਾਂ ਲਈ ਫੌਜ ਵਿੱਚ ਭਰਤੀ ਹੋਣਾ ਲਾਜ਼ਮੀ ਹੋ ਗਿਆ ਹੈ। ਫੌਜੀ ਸਰਕਾਰ ਨੇ ਕਿਹਾ ਕਿ 18-35 ਸਾਲ ਦੀ ਉਮਰ ਦੇ ਸਾਰੇ ਮਰਦ ਅਤੇ 18-27 ਸਾਲ ਦੀ ਉਮਰ ਦੀਆਂ ਔਰਤਾਂ ਨੂੰ 2 ਸਾਲ ਤੱਕ ਸੇਵਾ ਕਰਨੀ ਹੋਵੇਗੀ। ਫੌਜੀ ਬਗਾਵਤ ਜਾਰੀ ਰਹੀ ਤਾਂ ਕੁੱਲ ਮਿਲਾ ਕੇ 5 ਸਾਲ ਤੱਕ ਸੇਵਾ ਵਿਸਤਾਰ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਫੌਜੀ ਸਰਕਾਰ ਹਥਿਆਰਬੰਦ ਬਾਗੀਆਂ ਨੂੰ ਕਾਬੂ ਕਰਨ ਲਈ ਸੰਘਰਸ਼ ਕਰ ਰਹੀ ਹੈ। ਸਰਕਾਰ ਨੇ ਕਿਹਾ ਕਿ ਭਰਤੀ ਦੇ ਨਵੇਂ ਨਿਯਮਾਂ ਅਨੁਸਾਰ 45 ਸਾਲ ਤੋਂ ਘੱਟ ਉਮਰ ਦੇ ਡਾਕਟਰਾਂ ਨੂੰ ਤਿੰਨ ਸਾਲ ਫੌਜ ਵਿਚ ਸੇਵਾ ਕਰਨੀ ਪਵੇਗੀ।
ਦਰਅਸਲ, ਮੌਜੂਦਾ ਸੱਤਾਧਾਰੀ ਫੌਜੀ ਕੌਂਸਲ, ਜਿਸ ਨੂੰ ਸਟੇਟ ਐਡਮਿਨਿਸਟ੍ਰੇਸ਼ਨ ਕੌਂਸਲ ਕਿਹਾ ਜਾਂਦਾ ਹੈ, 2021 ਵਿੱਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਨਾਗਰਿਕ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਸੱਤਾ ਵਿੱਚ ਆਈ ਸੀ। ਕਬਜੇ ਤੋਂ ਮਿਆਂਮਾਰ ਦੀ ਫੌਜੀ ਸਰਕਾਰ ਆਪਣੇ ਸ਼ਾਸਨ ਦੇ ਵਿਰੁੱਧ ਪੂਰੇ ਦੇਸ਼ ਵਿਚ ਹਥਿਆਰਬੰਦ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਹਫ਼ਤੇ ਮਿਆਂਮਾਰ ਦੀ ਬਾਰਡਰ ਗਾਰਡ ਪੁਲਸ ਦੇ ਲਗਭਗ 350 ਮੈਂਬਰ ਅਤੇ ਪੱਛਮੀ ਸੂਬੇ ਰਖਾਇਨ ਵਿਚ ਨਸਲੀ ਘੱਟਗਿਣਤੀ ਬਲਾਂ ਨਾਲ ਲੜਨ ਵਾਲੇ ਫੌਜੀ ਬੰਗਲਾਦੇਸ਼ ਭੱਜ ਗਏ। ਹਥਿਆਰਬੰਦ ਗਰੁੱਪਾਂ ਨਾਲ ਲੜਨ ਵਿਚ ਫੌਜ ਦੇ ਹਮਲੇ ਸਫਲ ਨਹੀਂ ਹੋ ਰਹੇ ਹਨ, ਜਿਸ ਕਾਰਨ ਅਫਸਰਾਂ ਦਾ ਮਨੋਬਲ ਡਿੱਗ ਗਿਆ ਹੈ। ਹੁਣ ਸਰਕਾਰ ਦਾ ਕਹਿਣਾ ਹੈ ਕਿ ਨਵਾਂ ਫੌਜੀ ਸੇਵਾ ਕਾਨੂੰਨ ਇਨ੍ਹਾਂ ਲੜਾਕਿਆਂ ’ਤੇ ਸਫਲਤਾ ਹਾਸਲ ਕਰਨ ’ਚ ਮਦਦ ਕਰੇਗਾ। ਫੌਜੀ ਸਰਕਾਰ ਦੇ ਬੁਲਾਰੇ ਮੇਜਰ ਜਨਰਲ ਜ਼ੌ ਮਿਨ ਤੁਨ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਕਾਨੂੰਨ ਮਿਆਂਮਾਰ ਦੀ ਮੌਜੂਦਾ ਸਥਿਤੀ ਦੇ ਕਾਰਨ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਸਰਗਰਮ ਕਰਨ ਨਾਲ ਦੁਸ਼ਮਣਾਂ ਨੂੰ ਤਾਕਤ ਦਿਖਾ ਕੇ ਜੰਗ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਜ਼ਾਵ ਮਿਨ ਤੁਨ ਨੇ ਕਿਹਾ, ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਰਾਸ਼ਟਰੀ ਰੱਖਿਆ ਦੀ ਜ਼ਿੰਮੇਵਾਰੀ ਸਿਰਫ ਸਿਪਾਹੀ ਦੀ ਜ਼ਿੰਮੇਵਾਰੀ ਨਹੀਂ ਹੈ। ਇਹ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਹੈ। ਰਾਸ਼ਟਰੀ ਸੁਰੱਖਿਆ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਇਸ ਲਈ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਲੋਕ ਸੈਨਿਕ ਸੇਵਾ ਦੇ ਲਾਗੂ ਕਾਨੂੰਨ ਤਹਿਤ ਮਾਣ ਨਾਲ ਸੇਵਾ ਕਰਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।