ਮਿਆਂਮਾਰ 'ਚ ਸੂ ਕੀ ਫਿਰ ਠਹਿਰਾਈ ਗਈ ਦੋਸ਼ੀ, ਆਸਟ੍ਰੇਲੀਆਈ ਅਰਥ ਸ਼ਾਸਤਰੀ ਨੂੰ ਤਿੰਨ ਸਾਲ ਦੀ ਕੈਦ

Thursday, Sep 29, 2022 - 12:20 PM (IST)

ਬੈਂਕਾਕ (ਭਾਸ਼ਾ)- ਫ਼ੌਜ ਸ਼ਾਸਿਤ ਮਿਆਂਮਾਰ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਦੇਸ਼ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਇਕ ਹੋਰ ਅਪਰਾਧਿਕ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਅਤੇ ਆਸਟ੍ਰੇਲੀਆਈ ਅਰਥ ਸ਼ਾਸਤਰੀ ਸੀਨ ਟਰਨਲ ਨੂੰ ਗੁਪਤਤਾ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਤਿੰਨ ਸਾਲ ਦੀ ਸਜ਼ਾ ਸੁਣਾਈ। ਇਕ ਕਾਨੂੰਨੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਗੁਪਤਤਾ ਕਾਨੂੰਨ ਤਹਿਤ ਸੂ ਕੀ ਨੂੰ ਵੀ ਤਿੰਨ ਸਾਲ ਦੀ ਸਜ਼ਾ ਵੀ ਸੁਣਾਈ ਗਈ। ਉਨ੍ਹਾਂ ਨੇ ਕਿਹਾ ਕਿ ਸੂ ਕੀ ਦੇ ਮੰਤਰੀ ਮੰਡਲ ਦੇ ਤਿੰਨ ਮੈਂਬਰਾਂ ਨੂੰ ਵੀ ਦੋਸ਼ੀ ਪਾਇਆ ਗਿਆ ਅਤੇ ਉਹਨਾਂ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। 

ਇੱਥੇ ਦੱਸ ਦਈਏ ਕਿ ਟਰਨਲ ਸਿਡਨੀ ਵਿੱਚ ਮੈਕਵੇਰੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਇੱਕ ਐਸੋਸੀਏਟ ਪ੍ਰੋਫੈਸਰ ਹਨ ਅਤੇ ਸੂ ਕੀ ਦੇ ਸਲਾਹਕਾਰ ਵੀ ਸਨ। ਪਿਛਲੇ ਸਾਲ ਮਿਆਂਮਾਰ 'ਚ ਫ਼ੌਜ ਨੇ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਕੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਟਰਨਲ ਨੂੰ ਪੰਜ ਦਿਨਾਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਹਵਾਈ ਅੱਡੇ ਜਾਣ ਲਈ ਕਾਰ ਦੀ ਉਡੀਕ ਕਰ ਰਿਹਾ ਸੀ। ਟਰਨਲ ਵਿਰੁੱਧ ਦੋਸ਼ਾਂ ਦਾ ਪੂਰਾ ਵੇਰਵਾ ਜਨਤਕ ਨਹੀਂ ਕੀਤਾ ਗਿਆ ਹੈ, ਹਾਲਾਂਕਿ ਸਰਕਾਰੀ ਟੀਵੀ ਚੈਨਲਾਂ ਨੇ ਪਿਛਲੇ ਸਾਲ ਰਿਪੋਰਟ ਦਿੱਤੀ ਸੀ ਕਿ ਟਰਨਲ ਕੋਲ ਦੇਸ਼ ਦੀ ਵਿੱਤੀ ਪ੍ਰਣਾਲੀ ਬਾਰੇ ਗੁਪਤ ਜਾਣਕਾਰੀ ਸੀ ਅਤੇ ਉਹ ਇਸ ਨਾਲ ਮਿਆਂਮਾਰ ਤੋਂ ਭੱਜਣ ਵਾਲਾ ਸੀ। ਟਰਨਲ ਅਤੇ ਸੂ ਕੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੂ ਕੀ 'ਤੇ ਕਈ ਹੋਰ ਦੋਸ਼ ਹਨ ਅਤੇ ਉਨ੍ਹਾਂ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਮਹਿੰਗਾਈ ਨੇ ਤੋੜੇ ਰਿਕਾਰਡ, ਪੰਜਾਬੀ ਵਿਦਿਆਰਥੀ ਗੁਰਦੁਆਰਿਆਂ 'ਚ ਪਨਾਹ ਲੈਣ ਲਈ ਮਜ਼ਬੂਰ

ਹੋਰ ਦੋਸ਼ਾਂ 'ਹੋ ਸਕਦੀ 190 ਸਾਲ ਦੀ ਜੇਲ੍ਹ

76 ਸਾਲਾ ਨੋਬਲ ਪੁਰਸਕਾਰ ਜੇਤੂ ਸੂ ਕੀ  ਨੂੰ ਇਸ ਤੋਂ ਪਹਿਲਾਂ ਵੋਟਰਾਂ ਦੀ ਧੋਖਾਧੜੀ ਸਮੇਤ ਕਈ ਅਪਰਾਧਿਕ ਅਪਰਾਧਾਂ ਲਈ ਫ਼ੌਜ ਦੁਆਰਾ ਚਲਾਈ ਜਾ ਰਹੀ ਅਦਾਲਤ ਨੇ 11 ਸਾਲ ਦੀ ਸਜ਼ਾ ਸੁਣਾਈ ਸੀ। ਸੂ ਕੀ 'ਤੇ ਅਜੇ ਵੀ ਭ੍ਰਿਸ਼ਟਾਚਾਰ ਦੇ 10 ਹੋਰ ਦੋਸ਼ ਹਨ, ਜਿਨ੍ਹਾਂ ਵਿਚੋਂ ਹਰੇਕ ਨੂੰ ਵੱਧ ਤੋਂ ਵੱਧ 15 ਸਾਲ ਦੀ ਸਜ਼ਾ ਹੋ ਸਕਦੀ ਹੈ। ਚੋਣ ਧੋਖਾਧੜੀ ਅਤੇ ਆਫੀਸ਼ੀਅਲ ਸੀਕਰੇਟਸ ਐਕਟ ਦੀ ਉਲੰਘਣਾ ਦੇ ਵੀ ਦੋਸ਼ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਮਿਆਂਮਾਰ 'ਚ ਜਮਹੂਰੀਅਤ ਦਾ ਪ੍ਰਤੀਕ ਮੰਨੀ ਜਾਂਦੀ ਸੂ ਕੀ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਲਈ ਜੁੰਟਾ ਸ਼ਾਸਨ ਨੇ ਦੋਸ਼ਾਂ ਨੂੰ ਵਧਾ ਦਿੱਤਾ ਹੈ।ਜੇਕਰ ਸਾਰੇ ਦੋਸ਼ਾਂ 'ਤੇ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸੂ ਕੀ ਨੂੰ 190 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
 


Vandana

Content Editor

Related News