ਮਿਆਂਮਾਰ ''ਚ ਹੜ੍ਹ ਨਾਲ 5 ਮਰੇ, ਹਜ਼ਾਰਾਂ ਲੋਕ ਹੋਏ ਬੇਘਰ

Sunday, Jul 29, 2018 - 05:31 PM (IST)

ਬਾਗੋ (ਮਿਆਂਮਾਰ)— ਮਿਆਂਮਾਰ ਵਿਚ ਹੜ੍ਹ ਨਾਲ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰੀ ਮੀਂਹ ਪੈਣ ਕਾਰਨ ਮੇਕੋਂਗ ਖੇਤਰ ਵਿਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਕੁਝ ਫਸੇ ਹੋਏ ਲੋਕਾਂ ਨੂੰ ਰਾਹਤ ਕਰਮਚਾਰੀ ਕਿਸ਼ਤੀਆਂ ਤੋਂ ਲੈ ਕੇ ਜਾ ਰਹੇ ਹਨ। ਕੁਝ ਲੋਕ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਲਿਜਾਂਦੇ ਹੋਏ ਨਜ਼ਰ ਆਏ।
ਸਮਾਜਿਕ ਕਲਿਆਣ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ਵਿਚ 54,000 ਤੋਂ ਵੱਧ ਬੇਘਰ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀ ਨੇ 5 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ ਪਰ ਇਸ ਗਿਣਤੀ ਦੇ ਵੱਧਣ ਦਾ ਖਦਸ਼ਾ ਹੈ। ਕਈ ਪ੍ਰਭਾਵਿਤ ਖੇਤਰਾਂ ਨੂੰ ਖਾਲੀ ਕਰਵਾਏ ਜਾਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ, ਜਦਕਿ ਦੇਸ਼ ਦੇ ਦੱਖਣੀ, ਪੂਰਬੀ ਅਤੇ ਮੱਧ ਹਿੱਸਿਆਂ ਵਿਚ ਬੇਘਰ ਲੋਕਾਂ ਨੂੰ 163 ਕੈਂਪਾਂ 'ਚ ਰੱਖਿਆ ਗਿਆ ਹੈ।


Related News