ਮਿਆਂਮਾਰ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਸੂ ਕੀ ਉੱਤੇ ਲਾਇਆ ਰਿਸ਼ਵਤ ਲੈਣ ਦਾ ਦੋਸ਼

Thursday, Jun 10, 2021 - 06:12 PM (IST)

ਮਿਆਂਮਾਰ ਦੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਸੂ ਕੀ ਉੱਤੇ ਲਾਇਆ ਰਿਸ਼ਵਤ ਲੈਣ ਦਾ ਦੋਸ਼

ਇੰਟਰਨੈਸ਼ਨਲ ਡੈਸਕ : ਫੌਜ ਸ਼ਾਸਿਤ ਮਿਆਂਮਾਰ ’ਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਕਿਹਾ ਹੈ ਕਿ ਸੱਤਾ ਤੋਂ ਬੇਦਖਲ ਕੀਤੀ ਗਈ ਨੇਤਾ ਆਂਗ ਸਾਨ ਸੂ ਕੀ ਨੇ ਰੀਅਲ ਅਸਟੇਟ ਸੌਦੇ ’ਚ ਫਾਇਦਾ ਹਾਸਲ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਰਿਸ਼ਵਤ ਲਈ। ਸਰਕਾਰ ਵੱਲੋਂ ਕੰਟਰੋਲਡ ਮੀਡੀਆ ਨੇ ਵੀਰਵਾਰ ਇਹ ਖ਼ਬਰ ਦਿੱਤੀ। ਸੂ ਕੀ ਦੇ ਵਕੀਲਾਂ ਨੇ ਦੋਸ਼ਾਂ ਨੂੰ ਪਹਿਲਾਂ ਹੀ ਖਾਰਿਜ ਕਰ ਦਿੱਤਾ ਸੀ, ਜਦੋਂ ਫੌਜੀ ਸਰਕਾਰ ਨੇ ਤਿੰਨ ਮਹੀਨੇ ਪਹਿਲਾਂ ਪਹਿਲੀ ਵਾਰ ਇਨ੍ਹਾਂ ਮੁੱਦਿਆਂ ਨੂੰ ਚੁੱਕਿਆ ਸੀ। ਫੌਜ ਨੇ ਫਰਵਰੀ ’ਚ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ।

ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ

ਸੂ ਕੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਦੇ ਅਕਸ ਨੂੰ ਵਿਗਾੜਨ ਅਤੇ ਫੌਜ ਦੇ ਸੱਤਾ ਖੋਹਣ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਹਨ। ਮਿਆਂਮਾਰ ਦੇ ਲੋਕ ਇਸ ਤਖ਼ਤਾਪਲਟ ਤੋਂ ਨਾਖੁਸ਼ ਹਨ ਅਤੇ ਉਨ੍ਹਾਂ ਨੇ ਪਿਛਲੀਆਂ ਆਮ ਚੋਣਾਂ ’ਚ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਨੂੰ ਵੱਡੀ ਗਿਣਤੀ ’ਚ ਵੋਟਾਂ ਦਿੱਤੀਆਂ ਸਨ। ਕਿਸੇ ਵੀ ਜੁਰਮ ਦੇ ਦੋਸ਼ੀ ਪਾਏ ਜਾਣ ’ਤੇ ਸੂ ਕੀ ਦੇ ਅਗਲੀ ਚੋਣ ਲੜਨ ’ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਜੰਟਾ ਨੇ ਦਾਅਵਾ ਕੀਤਾ ਕਿ ਉਹ ਅਗਲੇ ਸਾਲ ਦੋ ਜਾਂ ਦੋ ਸਾਲਾਂ ਦੇ ਅੰਦਰ ਤਾਜ਼ਾ ਚੋਣਾਂ ਕਰਾਏਗਾ ਪਰ ਦੇਸ਼ ਦੀ ਫੌਜ ਲਈ ਚੋਣਾਂ ਕਰਾਉਣ ਦਾ ਵਾਅਦਾ ਕਰਨ ਅਤੇ ਫਿਰ ਅਜਿਹਾ ਨਾ ਕਰਨ ਦਾ ਇਸ ਦਾ ਲੰਮਾ ਇਤਿਹਾਸ ਰਿਹਾ ਹੈ। ਫਰਵਰੀ ਦੇ ਤਖਤਾਪਲਟ ਤੋਂ ਬਾਅਦ ਸੂ ਕੀ ਨੂੰ ਅਜਿਹੀ ਜਾਣਕਾਰੀ ਫੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਬੇਚੈਨੀ ਪੈਦਾ ਕਰ ਸਕਦੀ ਸੀ। ਉਸ ਨੂੰ 2020 ਦੀ ਚੋਣ ਮੁਹਿੰਮ ਦੌਰਾਨ ਕੋਰੋਨਾ ਮਹਾਮਾਰੀ ਨਾਲ ਜੁੜੀਆਂ ਪਾਬੰਦੀਆਂ ਨੂੰ ਤੋੜਨ ਲਈ ਕੁਦਰਤੀ ਆਫ਼ਤ ਪ੍ਰਬੰਧਨ ਐਕਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅਰਬ-ਇਜ਼ਰਾਈਲੀ ਸਮਝੌਤਿਆਂ ਨੂੰ ਲੈ ਕੇ ਟਰੰਪ ਦੇ ਰਾਹ ਤੁਰੇ ਬਾਈਡੇਨ

ਇਸ ਦੇ ਨਾਲ ਹੀ ਉਸ ’ਤੇ ਬਸਤੀਵਾਦੀ ਦੌਰ ਦੇ ਅਧਿਕਾਰਤ ਰਾਜ ਐਕਟ ਦੀ ਉਲੰਘਣਾ ਕਰਨ ਦਾ ਵੀ ਦੋਸ਼ ਹੈ। ਮਿਆਂਮਾਰ ਦੇ ਸਰਕਾਰੀ ‘ਗਲੋਬਲ ਨਿਊ ਲਾਈਟ ਆਫ ਮਿਆਂਮਾਰ’ ਦੇ ਅਖਬਾਰ ’ਚ ਵੀਰਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੀ ਜਾਂਚ ਦੇ ਆਧਾਰ ’ਤੇ ਸ਼ਿਕਾਇਤਾਂ ਬੁੱਧਵਾਰ ਨੂੰ ਸਬੰਧਿਤ ਥਾਣਿਆਂ ’ਚ ਦਰਜ ਕੀਤੀਆਂ ਗਈਆਂ। ਸਰਕਾਰੀ ਟੈਲੀਵਿਜ਼ਨ ਐੱਮ. ਆਰ. ਟੀ. ਵੀ. ਸਮੇਤ ਹੋਰ ਮੀਡੀਆ ਸੰਗਠਨਾਂ ਨੇ ਵੀ ਅਜਿਹੀਆਂ ਖ਼ਬਰਾਂ ਦਿੱਤੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੂ ਕੀ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 55 ਤਹਿਤ ਦੋਸ਼ ਲਾਇਆ ਗਿਆ ਹੈ, ਜਿਸ ’ਚ ਵੱਧ ਤੋਂ ਵੱਧ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸੂ ਕੀ ਤੇ ਉਸ ਦੀ ਪਾਰਟੀ ਦੇ ਵਕੀਲ ਕੀ ਵਿਨ ਨੇ ਕਿਹਾ ਕਿ ਉਸ ਦੀ ਕਾਨੂੰਨੀ ਟੀਮ ਸੂ ਕੀ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰੇਗੀ, ਜਦੋਂ ਉਹ ਅਗਲੇ ਦੋਸ਼ਾਂ ਬਾਰੇ ਅਗਲੀ ਅਦਾਲਤ ’ਚ ਸੁਣਵਾਈ ਕਰਨਗੇ।

ਇਹ ਵੀ ਪੜ੍ਹੋ : ਪਾਕਿ ’ਚ ਪੰਜ ਬੱਚਿਆਂ ਦੀ ਮਾਂ ਈਸਾਈ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਵੀਰਵਾਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਪਾਇਆ ਕਿ ਸੂ ਕੀ ਨੇ ਗੈਰ-ਕਾਨੂੰਨੀ ਢੰਗ ਨਾਲ ਯੰਗੂਨ ਖਿੱਤੇ ਦੇ ਸਾਬਕਾ ਮੁੱਖ ਮੰਤਰੀ ਤੋਂ 6,00,000 ਡਾਲਰ ਦੀ ਰਿਸ਼ਵਤ ਅਤੇ 7 ਸੋਨੇ ਦੀਆਂ ਛੜਾਂ ਲਈਆਂ। ਨਾਲ ਹੀ ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਸੂ ਕੀ ਨੇ ਆਪਣੀ ਮਾਂ ਦੇ ਨਾਂ ਵਾਲੀ ਚੈਰੀਟੇਬਲ ਫਾਊਂਡੇਸ਼ਨ ਲਈ ਮਾਰਕੀਟ ’ਚੋਂ ਘੱਟ ਕੀਮਤ ’ਤੇ ਕਿਰਾਏ ਦੀ ਜਾਇਦਾਦ ਪ੍ਰਾਪਤ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ।


author

Manoj

Content Editor

Related News