ਮਿਆਂਮਾਰ ਦੇ 2 ਸੈਨਿਕਾਂ ਨੇ ਕਬੂਲ ਕੀਤੀ ਰੋਹਿੰਗਿਆ ਕਤਲੇਆਮ ਦੀ ਗੱਲ, ਕੀਤੇ ਵੱਡੇ ਖੁਲਾਸੇ

Thursday, Sep 10, 2020 - 03:40 PM (IST)

ਮਿਆਂਮਾਰ ਦੇ 2 ਸੈਨਿਕਾਂ ਨੇ ਕਬੂਲ ਕੀਤੀ ਰੋਹਿੰਗਿਆ ਕਤਲੇਆਮ ਦੀ ਗੱਲ, ਕੀਤੇ ਵੱਡੇ ਖੁਲਾਸੇ

ਯੰਗੂਨ (ਬਿਊਰੋ): ਮਿਆਂਮਾਰ ਦੀ ਫੌਜ ਛੱਡ ਕੇ ਭੱਜੇ ਦੋ ਸੈਨਿਕਾਂ ਨੇ ਘੱਟ ਗਿਣਤੀ ਰੋਹਿੰਗਿਆ ਖਿਲਾਫ਼ ਰਖਾਇਨ ਸੂਬੇ ਵਿਚ ਹੋਏ ਕਤਲੇਆਮ ਦੀ ਗੱਲ ਕਬੂਲ ਕੀਤੀ ਹੈ। ਦੋ ਸੈਨਿਕਾਂ ਨੇ ਇਕ ਵੀਡੀਓ ਵਿਚ ਕਬੂਲ ਕੀਤਾ ਹੈ ਕਿ ਅਗਸਤ 2017 ਵਿਚ ਉਹਨਾਂ ਨੂੰ ਆਦੇਸ਼ ਮਿਲੇ ਸਨ ਕਿ ਜਿਹੜੇ ਵੀ ਪਿੰਡਾਂ ਵਿਚ ਘੱਟ ਗਿਣਤੀ ਰੋਹਿੰਗਿਆ ਰਹਿੰਦੇ ਹਨ ਉੱਥੇ ਜਿੰਨੇ ਵੀ ਰੋਹਿੰਗਿਆ ਦਿਸਣ ਜਾਂ ਉਹਨਾਂ ਦੇ ਬਾਰੇ ਵਿਚ ਪਤਾ ਚੱਲੇ ਉਹਨਾਂ ਸਾਰਿਆਂ ਨੂੰ ਗੋਲੀਆਂ ਨਾਲ ਮਾਰ ਦਿਓ। ਇਸ ਦੇ ਇਲਾਵਾ ਰੋਹਿੰਗਿਆ ਬੀਬੀਆਂ ਦੇ ਬਲਾਤਕਾਰ ਅਤੇ ਸਾੜਨ ਜਿਹੇ ਖੌਫਨਾਕ ਜ਼ੁਰਮ ਵੀ ਕਬੂਲ ਕੀਤੇ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਇਹਨਾਂ ਦੋ ਸੈਨਿਕਾਂ ਨੇ ਇਕ ਵੀਡੀਓ ਗਵਾਹੀ ਵਿਚ ਰਖਾਇਨ ਸੂਬੇ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਫਾਂਸੀ ਦੇਣ, ਸਮੂਹਿਕ ਤੌਰ 'ਤੇ ਦਫਨਾਉਣ, ਪਿੰਡਾਂ ਨੂੰ ਤਬਾਹ ਕਰਨ ਅਤੇ ਬਲਾਤਕਾਰ ਦੀ ਗੱਲ ਸਵੀਕਾਰ ਕੀਤੀ ਹੈ। ਇੱਥੇ ਦੱਸ ਦਈਏ ਕਿ ਰਖਾਇਨ ਸੂਬੇ ਵਿਚ ਰੋਹਿੰਗਿਆ ਬਾਗੀਆਂ ਖਿਲਾਫ਼ ਮਿਆਂਮਾਰ ਦੀ ਫੌਜ ਦੀ ਮੁਹਿੰਮ ਤੋਂ ਬਚਣ ਲਈ ਅਗਸਤ 2017 ਦੇ ਬਾਅਦ ਤੋਂ 700,000 ਤੋਂ ਵਧੇਰੇ ਰੋਹਿੰਗਿਆ ਮਿਆਂਮਾਰ ਤੋਂ ਭੱਜ ਕੇ ਗੁਆਂਢੀ ਦੇਸ਼ ਬੰਗਲਾਦੇਸ਼ ਚਲੇ ਗਏ ਹਨ। ਉੱਧਰ ਮਿਆਂਮਾਰ ਦੀ ਸਰਕਾਰ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਸੁਰੱਖਿਆ ਬਲਾਂ ਨੇ ਸਮੂਹਿਕ ਬਲਾਤਕਾਰ ਤੇ ਕਤਲ ਕੀਤੇ ਅਤੇ ਹਜ਼ਾਰਾਂ ਘਰ ਸਾੜ ਦਿੱਤੇ।

ਅੰਤਰਰਾਸ਼ਟਰੀ ਅਦਾਲਤ ਵਿਚ ਹੋਵੇਗੀ ਗਵਾਹੀ
ਇਸ ਰਿਪੋਰਟ ਦੇ ਮੁਤਾਬਕ, ਪਿਛਲੇ ਮਹੀਨੇ ਮਿਆਂਮਾਰ ਤੋਂ ਭੱਜਣ ਵਾਲੇ ਦੋਵੇਂ ਸੈਨਿਕਾਂ ਨੂੰ ਸੋਮਵਾਰ ਨੂੰ ਨੀਦਰਲੈਂਡ ਲਿਜਾਇਆ ਗਿਆ ਸੀ। ਜਿੱਥੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈ.ਸੀ.ਸੀ.) ਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਤਾਤਮਾਡੋਵ (ਮਿਆਂਮਾਰ ਫੌਜ)  ਨੇਤਾਵਾਂ ਨੇ ਰੋਹਿੰਗਿਆ ਮੁਸਲਮਾਨਾਂ ਖਿਲਾਫ਼ ਵੱਡੇ ਪੱਧਰ 'ਤੇ ਅਪਰਾਧ ਕੀਤੇ ਹਨ। ਸੈਨਿਕ ਮਾਓ ਵਿਨ ਟੁਨ ਨੇ ਆਪਣੀ ਵੀਡੀਓ ਗਵਾਹੀ ਵਿਚ ਕਿਹਾ ਕਿ ਅਗਸਤ 2017 ਵਿਚ 15ਵੇਂ ਮਿਲਟਰੀ ਆਪਰੇਸ਼ਨ ਸੈਂਟਰ ਦੇ ਉਸ ਦੇ ਕਮਾਂਡਿੰਗ ਅਧਿਕਾਰੀ ਕਰਨਲ ਥਾਨ ਟਾਇਕ ਦਾ ਸਾਫ ਆਦੇਸ਼ ਸੀ ਕਿ 'ਜਿਹਨਾਂ ਨੂੰ ਦੇਖੋ ਅਤੇ ਸੁਣੋ ਗੋਲੀ ਮਾਰ ਦਿਓ'।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਡ੍ਰੈਗਨ 'ਤੇ ਵੱਡੀ ਕਾਰਵਾਈ, 1000 ਤੋਂ ਵਧੇਰੇ ਚੀਨੀ ਨਾਗਰਿਕਾਂ ਦਾ ਰੱਦ ਕੀਤਾ ਵੀਜ਼ਾ

ਸੈਨਿਕ ਦੇ ਮੁਤਾਬਕ, ਉਹਨਾਂ ਨੇ 30 ਰੋਹਿੰਗਿਆ ਮੁਸਲਮਾਨਾਂ ਦਾ ਕਤਲੇਆਮ ਕਰਨ ਅਤੇ ਉਹਨਾਂ ਨੂੰ ਦਫਨਾਉਣ ਵਿਚ ਹਿੱਸਾ ਲੈਣ ਦੇ ਆਦੇਸ਼ ਦਾ ਪਾਲਣ ਕੀਤਾ। ਇਹਨਾਂ ਵਿਚ 8 ਬੀਬੀਆਂ, 7 ਬੱਚੇ ਅਤੇ 15 ਪੁਰਸ਼ ਸ਼ਾਮਲ ਸਨ। ਉਹਨਾਂ ਨੇ ਅੱਗੇ ਕਿਹਾ ਕਿ ਕਰਨਲ ਥਾਨ ਨੇ ਉਹਨਾਂ ਦੀ ਟੁੱਕੜੀ ਨੂੰ ਸਾਰੇ 'ਕਲਾਰ' ਨੂੰ ਖਤਮ ਕਰਨ ਲਈ ਕਿਹਾ।ਕਲਾਰ ਰੋਹਿੰਗਿਆ ਮੁਸਲਮਾਨਾਂ ਦੇ ਲਈ ਇਕ ਅਪਮਾਨਜਨਕ ਸ਼ਬਦ ਹੈ। ਇਸ ਦੇ ਬਾਅਦ ਉਹਨਾਂ ਨੇ ਲੋਕਾਂ ਦੇ ਸਿਰ ਵਿਚ ਗੋਲੀ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਟੋਏ ਵੱਲ ਧੱਕ ਦਿੱਤਾ।

ਇਸ ਸੈਨਿਕ ਮਾਓ ਵਿਨ ਟੁਨ ਨੇ ਇਕ ਬੀਬੀ ਨਾਲ ਬਲਾਤਕਾਰ ਕਰਨ ਦਾ ਅਪਰਾਧ ਸਵੀਕਾਰ ਕੀਤਾ। ਉਸ ਨੇ ਕਿਹਾ ਕਿ ਉਹਨਾਂ ਦੇ ਸਮੂਹ ਨੇ ਮੋਬਾਇਲ ਫੋਨ, ਲੈਪਟਾਪ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਜ਼ਬਤ ਕਰ ਲਿਆ ਸੀ। ਦੂਜੇ ਸੈਨਿਕ ਜੌ ਨੈਂਗ ਟੁਨ ਨੇ ਕਿਹਾ ਕਿ ਠੀਕ ਇਸੇ ਦੌਰਾਨ ਗੁਆਂਢੀ ਕਸਬੇ ਵਿਚ ਦੂਜੀ ਟੁੱਕੜੀ ਵਿਚ ਸ਼ਾਮਲ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਸੀਨੀਅਰ ਅਧਿਕਾਰੀ ਤੋਂ ਆਦੇਸ਼ ਮਿਲਿਆ ਕਿ ਜਿਸ ਨੂੰ ਵੀ ਦੇਖੋ ਗੋਲੀ ਮਾਰ ਦਿਓ। ਭਾਵੇਂ ਬੱਚਾ ਹੋਵੇ ਜਾਂ ਵੱਡਾ। ਨੈਂਗ ਨੇ ਕਿਹਾ,''ਅਸੀਂ ਕਰੀਬ 20 ਪਿੰਡਾਂ ਨੂੰ ਤਬਾਹ ਕਰ ਦਿੱਤਾ। ਇਸ ਵਿਚ ਬੱਚੇ, ਬੀਬੀਆਂ, ਪੁਰਸ਼ਾਂ ਅਤੇ ਬਜ਼ੁਰਗਾਂ ਸਮੇਤ ਕਰੀਬ 80 ਲੋਕ ਮਾਰੇ ਗਏ।


author

Vandana

Content Editor

Related News