ਸ੍ਰੀ ਨਨਕਾਣਾ ਸਾਹਿਬ 'ਚ ਸਿੱਖਾਂ ਨਾਲ ਮਿਲੇ ਮੁਸਲਿਮ ਨੇਤਾ, ਹਮਲੇ 'ਤੇ ਜਤਾਈ ਨਰਾਜ਼ਗੀ

Saturday, Jan 04, 2020 - 09:17 PM (IST)

ਸ੍ਰੀ ਨਨਕਾਣਾ ਸਾਹਿਬ 'ਚ ਸਿੱਖਾਂ ਨਾਲ ਮਿਲੇ ਮੁਸਲਿਮ ਨੇਤਾ, ਹਮਲੇ 'ਤੇ ਜਤਾਈ ਨਰਾਜ਼ਗੀ

ਲਾਹੌਰ- ਪਾਕਿਸਤਾਨ ਵਿਚ ਮੁਸਲਿਮ ਨੇਤਾਵਾਂ ਦੇ ਇਕ ਵਫਦ ਨੇ ਅੱਜ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਦਾ ਦੌਰਾ ਕੀਤਾ ਤੇ ਉਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਫਦ ਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ। ਖਾਲਿਸਤਾਨੀ ਹਮਾਇਤੀ ਗੋਪਾਲ ਚਾਵਲਾ ਵੀ ਇਸ ਵਫਦ ਦੇ ਨਾਲ ਦੇਖੇ ਗਏ।

ਪਾਕਿਸਤਾਨ ਦੇ ਨਾਲ-ਨਾਲ ਭਾਰਤੀ ਮੁਸਲਿਮ ਸੰਗਠਨ, ਜਮਾਤ-ਏ-ਇਸਲਾਮੀ ਹਿੰਦ ਨੇ ਵੀ ਸ੍ਰੀ ਨਨਕਾਣਾ ਸਾਹਿਬ ਵਿਚ ਹੋਈ ਘਟਨਾ ਦੀ ਨਿੰਦਾ ਕੀਤੀ। ਜਮਾਤ-ਏ-ਇਸਲਾਮੀ ਹਿੰਦ ਨੇ ਮੰਗ ਕੀਤੀ ਕਿ ਇਸ ਵਿਚ ਸ਼ਾਮਲ ਲੋਕ ਗ੍ਰਿਫਤਾਰ ਕੀਤੇ ਜਾਣ। ਜਮਾਤ ਦੇ ਪ੍ਰਧਾਨ ਸਦਾਤੁੱਲਾ ਹੁਸੈਨੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪਾਕਿਸਤਾਨ ਸਰਕਾਰ ਨੂੰ ਘਟਨਾ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤੇ ਤੀਰਥਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।

ਜਮਾਤ ਦੇ ਉਪ-ਪ੍ਰਧਾਨ ਸਲੀਮ ਇੰਜੀਨੀਅਰ ਨੇ ਕਿਹਾ ਕਿ ਇਹ ਪਾਕਿਸਤਾਨ ਸਰਕਾਰ ਦੀ ਡਿਊਟੀ ਹੈ ਕਿ ਉਹ ਧਾਰਮਿਕ ਸਥਲ ਦੀ ਸੁਰੱਖਿਆ ਤੇ ਪਵਿੱਤਰਤਾ ਪੁਖਤਾ ਕਰਕੇ ਤੇ ਹਿੰਸਾ, ਸਾੜ-ਫੂਕ ਤੇ ਭੰਨ੍ਹ-ਤੋੜ ਜਿਹੀ ਕਿਸੇ ਵੀ ਘਟਨਾ ਤੋਂ ਤੀਰਥਯਾਤਰੀਆਂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ। ਜਮਾਤ ਨੂੰ ਉਮੀਦ ਹੈ ਕਿ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇਗਾ ਤੇ ਦੋਸ਼ੀਆਂ ਖਿਲਾਫ ਸਮੇਂ 'ਤੇ ਕਾਰਵਾਈ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਵੱਡੀ ਗਿਣਤੀ ਵਿਚ ਮੁਸਲਿਮ ਭੀੜ ਨੇ ਹਮਲਾ ਕੀਤਾ ਸੀ ਤੇ ਸਿੱਖ ਸ਼ਰਧਾਲੂ ਗੁਰਦੁਆਰੇ ਦੇ ਅੰਦਰ ਹੀ ਫਸ ਗਏ ਸਨ।


author

Baljit Singh

Content Editor

Related News