ਡਰੱਗਜ਼ ਮਾਮਲਾ : ਆਸਟ੍ਰੇਲੀਆਈ ਨਾਗਰਿਕ ਪਾਲ ਬਾਰਟੇਲਸ ਨੂੰ ਮਿਲੀ ਜ਼ਮਾਨਤ

11/20/2020 4:28:07 PM

ਮੁੰਬਈ (ਬਿਊਰੋ) — ਮੁੰਬਈ ਦੇ ਇਕ ਕੋਰਟ ਨੇ ਬਾਲੀਵੁੱਡ 'ਚ ਕਥਿਤ ਰੂਪ ਤੋਂ ਨਸ਼ੇ (ਡਰੱਗਜ਼) ਦੀ ਤਸਕਰੀ ਕਰਨ ਦੇ ਦੋਸ਼ 'ਚ ਐੱਨ. ਸੀ. ਬੀ. ਵਲੋਂ ਗ੍ਰਿਫ਼ਤਾਰ ਆਸਟ੍ਰੇਲੀਆਈ ਨਾਗਰਿਕ ਪਾਲ ਬਾਰਟੇਲਸ ਨੂੰ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ। ਬਾਰਟੇਲਸ ਨੂੰ 12 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬ੍ਰਿਏਲਾ ਦੇ ਭਰਾ ਅਗਿਸੀਆਲੋਸ ਡੈਮਟ੍ਰਿਡਸ ਦਾ ਮਿੱਤਰ ਹੈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਜੂਨ 'ਚ ਹੋਈ ਮੌਤ ਤੋਂ ਬਾਅਦ ਬਾਲੀਵੁੱਡ 'ਚ ਨਸ਼ੇ ਦੇ ਇਸਤੇਮਾਲ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਰਜੁਨ ਰਾਮਪਾਲ ਤੋਂ ਵੀ ਪੁੱਛਗਿੱਛ ਕੀਤੀ ਸੀ। ਵਿਸ਼ੇਸ਼ ਐੱਨ. ਡੀ. ਪੀ. ਐੱਸ. ਅਦਾਲਤ ਨੇ ਕਿਹਾ ਕਿ ਬਾਰਟੇਲਸ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਨਹੀਂ ਹੈ।

ਬਾਰਟੇਲਸ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਬਾਦ ਪੋਂਡਾ ਤੇ ਐਡਵੋਕੇਟ ਸੁਭਾਸ਼ ਜਾਧਵ ਨੇ ਦਲੀਲ ਦਿੱਤੀ ਕਿ ਐੱਨ. ਸੀ. ਬੀ. ਨੇ ਮੇਰੇ ਮੁਵਅੱਕਲ ਦੇ ਰਿਹਾਇਸ਼ੀ ਘਰ 'ਚ 11 ਨਵੰਬਰ ਨੂੰ ਤਲਾਸ਼ੀ ਲਈ ਸੀ। ਇਸ ਦੌਰਾਨ ਉਨ੍ਹਾਂ ਨੂੰ ਘਰ 'ਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਅੰਤਰਰਾਸ਼ਟਰੀ ਨਿਰਮਾਣ ਠੇਕੇਦਾਰ ਨਾਲ ਇੰਜੀਨੀਅਰਿੰਗ ਮੈਨੇਜਰ ਦੇ ਰੂਪ 'ਚ ਕੰਮ ਕਰ ਰਹੇ ਬਾਰਟੇਲਸ 'ਤੇ ਦੋਸ਼ ਹੈ ਕਿ ਉਸ ਨੇ ਅਗੀਸੀਲਾਓਸ ਡੈਮੇਟ੍ਰਿਡਸ ਨਾਲ ਮਿਲ ਕੇ ਨਸ਼ਾ ਖਰੀਦਣ ਦੀ ਸਾਜਿਸ਼ ਰਚੀ।

ਜੱਜ ਐੱਚ. ਐੱਸ. ਸਤਭਾਈ ਨੇ ਆਪਣੇ ਆਦੇਸ਼ 'ਚ ਕਿਹਾ ਕਿ ਬਾਰਟੇਲਸ ਖ਼ਿਲਾਫ਼ ਦੋਸ਼ ਸਹਿ ਮੁਲਜ਼ਮ ਅਗਿਸੀਆਲੋਸ ਤੇ ਨਿਖ਼ਿਲ ਸਲਦਾਨਾ ਅਤੇ ਕੁਝ ਹੋਰ ਵਿਅਕਤੀਆਂ ਨਾਲ ਮੈਸੇਜਾਂ ਦੇ ਆਦਾਨ-ਪ੍ਰਦਾਨ 'ਤੇ ਆਧਾਰਿਤ ਹੈ। ਅਦਾਲਤ ਨੇ ਕਿਹਾ, ਉਕਤ ਮੈਸੇਜ ਦੇ ਆਧਾਰ 'ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਸੀ ਪਰ ਫ਼ਿਲਹਾਲ ਇਸ ਪੱਧਰ 'ਤੇ ਮੈਸੇਜ ਨਸ਼ਾ ਤਸਕਰ ਦੇ ਰੂਪ 'ਚ ਦੋਸ਼ੀ ਦੀ ਭੂਮਿਕਾ ਸਾਬਿਤ ਕਰਨ ਲਈ ਕਾਫ਼ੀ ਨਹੀਂ ਹੈ। ਕੋਰਟ ਨੇ ਇਹ ਵੀ ਕਿਹਾ ਹੈ ਕਿ ਐੱਨ. ਸੀ. ਬੀ. ਨੇ ਬਾਰਟੇਲਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਪਰ ਉਸ ਦੀ ਹਿਰਾਸਤ ਦੀ ਮੰਗ ਨਹੀਂ ਕੀਤੀ।


sunita

Content Editor

Related News