ਅਮਰੀਕਾ ਦੇ ਮੁਕੇਸ਼ ਅਗਹੀ ਸਮੇਤ ਤਿੰਨ ਹੋਰਾਂ ਨੂੰ ਮਿਲਿਆ ਪ੍ਰਵਾਸੀ ਭਾਰਤੀ ਸਨਮਾਨ
Monday, Jan 11, 2021 - 01:22 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ-ਭਾਰਤ ਰਣਨੀਤਿਕ ਅਤੇ ਸਾਂਝੇਦਾਰੀ ਮੰਚ (ਯੂ. ਐੱਸ. ਆਈ. ਐੱਸ. ਪੀ. ਐੱਫ.) ਦੇ ਪ੍ਰਧਾਨ ਮੁਕੇਸ਼ ਅਗਹੀ ਅਤੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਸ (ਐੱਫ. ਆਈ. ਏ.) ਦੇ ਨਾਲ ਅਮਰੀਕਾ ’ਚ 3 ਹੋਰਾਂ ਨੂੰ ਇਸ ਸਾਲ ਵੱਕਾਰੀ ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁਝ ਸਾਲ ਪਹਿਲਾਂ ਭਾਰਤ ਕੇਂਦਰਿਤ ਅਮਰੀਕੀ ਕਾਰੋਬਾਰੀ ਸਮਰਥਕ ਸਮੂਹ ਯੂ. ਐੱਸ. ਆਈ. ਐੱਸ. ਪੀ. ਐੱਫ. ਦਾ ਗਠਨ ਕਰਨ ਵਾਲੇ ਅਗਹੀ ਨੂੰ ਇਹ ਸਨਮਾਨ ਕਾਰੋਬਾਰ ਸ਼੍ਰੇਣੀ ’ਚ ਮਿਲਿਆ ਹੈ।
ਇਸ ਤਰ੍ਹਾਂ ਭਾਰਤੀ ਅਮਰੀਕੀ ਅਰਵਿੰਦ ਪੁਖਾਨ ਨੂੰ ਵਾਤਾਵਰਣ ਤਕਨੀਕੀ ਸ਼੍ਰੇਣੀ ’ਚ, ਜਦਕਿ ਨੀਲੂ ਗੁਪਤਾ ਨੂੰ ਭਾਰਤੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਪ੍ਰਵਾਸੀ ਸਨਮਾਨ ਨਾਲ ਨਵਾਜਿਆ ਗਿਆ ਹੈ। ਉਥੇ ਹੀ, ਡਾ. ਸੁਧਾਕਰ ਜੋਂਨਾਲਗੱਡਾ ਨੂੰ ਮੈਡੀਕਲ ਸ਼੍ਰੇਣੀ ’ਚ ਇਹ ਸਨਮਾਨ ਮਿਲਿਆ ਹੈ। ਦਿ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਸ (ਨਿਊਯਾਰਕ, ਨਿਊਜਰਸੀ, ਕਨੈਕਟਿਕਟ) ਨੂੰ ਕਮਿਊਨਿਟੀ ਸੇਵਾ ਲਈ ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ, ‘‘ਅਮਰੀਕਾ ’ਚ ਸਾਰੇ ਪ੍ਰਵਾਸੀ ਭਾਰਤੀ ਸਨਮਾਨ ਜੇਤੂਆਂ ਨੂੰ ਵਧਾਈ।’’ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਪ੍ਰਵਾਸੀ ਭਾਰਤੀ ਸਨਮਾਨ ਅਪ੍ਰਵਾਸੀ ਭਾਰਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਵੱਖ-ਵੱਖ ਖੇਤਰ ’ਚ ਉਨ੍ਹਾਂ ਦੀ ਪ੍ਰਪਾਤੀ ਲਈ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ।