ਸਾਊਦੀ ਦੇ ਸਮਰਥਨ ਵਾਲੀਆਂ ਫੌਜਾਂ ਨੇ ਯਮਨ ਦੇ ‘ਮੁਕਾਲਾ’ ਸ਼ਹਿਰ ’ਤੇ ਮੁੜ ਕੀਤਾ ਕਬਜ਼ਾ
Monday, Jan 05, 2026 - 04:02 PM (IST)
ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਦੇ ਸਮਰਥਨ ਵਾਲੀਆਂ ਫ਼ੌਜਾਂ ਨੇ ਐਤਵਾਰ ਨੂੰ ਯਮਨ ਦੇ ਹਦਰਾਮੌਤ ਸੂਬੇ ਦੀ ਰਾਜਧਾਨੀ ਮੁਕਾਲਾ ’ਤੇ ਮੁੜ ਕਬਜ਼ਾ ਕਰ ਲਿਆ ਹੈ। ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਦੇ ਸਮਰਥਨ ਵਾਲੇ ਦੱਖਣੀ ਵੱਖਵਾਦੀ ਸੰਗਠਨ ਨੇ ਇਸ ਅਹਿਮ ਬੰਦਰਗਾਹ ਸ਼ਹਿਰ ’ਤੇ ਕਬਜ਼ਾ ਕਰ ਲਿਆ ਸੀ।
ਜਾਰੀ ਵੀਡੀਓ ਫੁਟੇਜ ’ਚ ਸਾਊਦੀ ਦੇ ਸਮਰਥਨ ਅਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ‘ਨੈਸ਼ਨਲ ਸ਼ੀਲਡ ਫੋਰਸਿਜ਼’ ਦੇ ਲੜਾਕੇ ਹਥਿਆਰਾਂ ਨਾਲ ਲੱਦੇ ਵਾਹਨਾਂ ’ਚ ਮੁਕਾਲਾ ਦੀਆਂ ਸੜਕਾਂ ਤੋਂ ਲੰਘਦੇ ਅਤੇ ਸ਼ਹਿਰ ਦੇ ਲੋਕ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ।
ਮੁਕਾਲਾ ’ਤੇ ਸਾਊਦੀ ਅਰਬ ਵੱਲੋਂ ਕਈ ਦਿਨਾਂ ਤੱਕ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ‘ਨੈਸ਼ਨਲ ਸ਼ੀਲਡ ਫੋਰਸਿਜ਼’ ਦੇ ਲੜਾਕਿਆਂ ਨੇ ਸ਼ਹਿਰ ’ਤੇ ਮੁੜ ਕਬਜ਼ਾ ਕਰ ਲਿਆ। ਪਿਛਲੇ ਮਹੀਨੇ ਯੂ. ਏ. ਈ. ਦੇ ਸਮਰਥਨ ਵਾਲੇ ‘ਸਦਰਨ ਟ੍ਰਾਂਜ਼ੀਸ਼ਨਲ ਕੌਂਸਲ’ ਦੇ ਹਦਰਾਮੌਤ ਅਤੇ ਮਹਰਾ ਸੂਬਿਆਂ ’ਚ ਦਾਖਲ ਹੋਣ ਅਤੇ ਇਕ ਤੇਲ ਭਰਪੂਰ ਖੇਤਰ ’ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ’ਚ ਤਣਾਅ ਵਧ ਗਿਆ ਸੀ।
