ਬ੍ਰਿਟੇਨ ਦੀ ਸੰਸਦ ਨੇ ਚੀਨੀ ਰਾਜਦੂਤ ’ਤੇ ਲਾਈ ਪਾਬੰਦੀ, ਬੀਜਿੰਗ ਭੜਕਿਆ

Thursday, Sep 16, 2021 - 10:37 AM (IST)

ਬ੍ਰਿਟੇਨ ਦੀ ਸੰਸਦ ਨੇ ਚੀਨੀ ਰਾਜਦੂਤ ’ਤੇ ਲਾਈ ਪਾਬੰਦੀ, ਬੀਜਿੰਗ ਭੜਕਿਆ

ਲੰਡਨ (ਭਾਸ਼ਾ):  ਚੀਨ ਦੇ ਸ਼ਿਨਜ਼ਿਆਂਗ ’ਚ ਉਈਗਰ ਘੱਟ-ਗਿਣਤੀਆਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਟਿੱਪਣੀ ਲਈ ਕੁਝ ਬ੍ਰਿਟਿਸ਼ ਸੰਸਦ ਮੈਂਬਰਾਂ ’ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਚੀਨੀ ਰਾਜਦੂਤ ਝੇਂਗ ਜੇਂਗੁਆਂਗ ’ਤੇ ਬ੍ਰਿਟਿਸ਼ ਸੰਸਦ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਜੇਂਗੁਆਂਗ ਨੇ ਹਾਲ ਹੀ ’ਚ ਚੀਨ ਸਬੰਧੀ ਸਰਵਪਾਰਟੀ ਸੰਸਦੀ ਗਰੁੱਪ (ਏ. ਪੀ. ਪੀ. ਜੀ.) ਵੱਲੋਂ ਆਯੋਜਿਤ ਇਕ ਬੈਠਕ ’ਚ ਹਿੱਸਾ ਲੈਣਾ ਸੀ ਪਰ ਸੰਸਦ ਦੇ ਪਾਬੰਦੀਸ਼ੁਦਾ ਸੰਸਦ ਮੈਂਬਰਾਂ ਤੇ ਹਾਊਸ ਆਫ ਕਾਮਨਜ਼ ਦੇ ਪ੍ਰਧਾਨ ਲਿੰਡਸੇ ਹਾਇਲ ਦੇ ਇਕ ਪੱਤਰ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।

ਸੰਸਦ ਮੈਂਬਰਾਂ ਨੇ ਆਪਣੇ ਪੱਤਰ ’ਚ ਦਲੀਲ ਦਿੱਤੀ ਕਿ ਚੀਨੀ ਸਰਕਾਰ ਨੇ ਹੁਣ ਤੱਕ ਪਾਬੰਦੀ ਨੂੰ ਹਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ,ਜੋ ਲੋਕਾਂ ਦਾ ਅਪਰਾਧੀਕਰਨ ਕਰਨ ਤੇ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦੀ ਆਜ਼ਾਦੀ ਨੂੰ ਸੀਮਤ ਕਰਨ ਦਾ ਇਕ ਹਥਿਆਰ ਹੈ।ਸੰਸਦ ਵੱਲੋਂ ਰਾਜਦੂਤ ’ਤੇ ਪਾਬੰਦੀ ਲਗਾਏ ਜਾਣ ’ਤੇ ਚੀਨ ਭੜਕ ਉੱਠਿਆ ਹੈ। ਘਟਨਾਕ੍ਰਮ ’ਤੇ ਟਿੱਪਣੀ ਕਰਦੇ ਹੋਏ ਚੀਨੀ ਦੂਤਘਰ ਦੇ ਇਕ ਬੁਲਾਰੇ ਨੇ ਕਿਹਾ ਕਿ ਬ੍ਰਿਟੇਨ ਦੀ ਸੰਸਦ ਦਾ ਫੈਸਲਾ ਬ੍ਰਿਟੇਨ ’ਚ ਕੁਝ ਲੋਕਾਂ ਦੀ ਸੌੜੀ ਮਾਨਸਕਿਤਾ ਨੂੰ ਦਰਸਾਉਂਦਾ ਹੈ। ਇਹ ਇਕ ਅਦੂਰਦਰਸ਼ੀ, ਲਾਪ੍ਰਵਾਹ ਤੇ ਕਾਇਰਤਾ ਭਰਿਆ ਕਦਮ ਹੈ। ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ।


author

Shyna

Content Editor

Related News