75 ਸਾਲ ਬਾਅਦ ਮਿਲੇ ਵਿਛੜੇ ਮਾਂ-ਪੁੱਤ, ਕੁਝ ਸਮੇਂ ਬਾਅਦ ਹੀ ਵਾਪਰੀ ਇਹ ਅਨਹੋਣੀ
Monday, Apr 25, 2022 - 06:18 PM (IST)
ਸਿਡਨੀ (ਬਿਊਰੋ): ਇਕ ਸ਼ਖਸ 75 ਸਾਲ ਬਾਅਦ ਆਪਣੇ ਪਰਿਵਾਰ ਨਾਲ ਮਿਲਿਆ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ 8 ਸਾਲ ਦਾ ਸੀ ਜਦੋਂ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਸੀ। ਸ਼ਖਸ ਇਹ ਮੰਨ ਕੇ ਜੀਅ ਰਿਹਾ ਸੀ ਕਿ ਜਾਂ ਤਾਂ ਉਹ ਯਤੀਮ ਹੈ ਜਾਂ ਫਿਰ ਮਾਤਾ-ਪਿਤਾ ਨੇ ਉਸ ਨੂੰ ਛੱਡ ਦਿੱਤਾ ਹੈ। ਹਾਲਾਂਕਿ ਹੁਣ ਉਸ ਦੀ ਮੁਲਾਕਾਤ ਆਪਣੇ ਵਿਛੜੇ ਹੋਏ ਪਰਿਵਾਰ ਨਾਲ ਹੋ ਗਈ ਹੈ। ਸ਼ਖਸ ਨੇ ਆਪਣੀ ਹੱਡਬੀਤੀ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ।
'ਮਿਰਰ ਯੂਕੇ' ਦੀ ਰਿਪੋਰਟ ਮੁਤਾਬਕ ਇਸ ਸ਼ਖਸ ਦਾ ਨਾਮ ਡੋਰੀਅਨ ਰੀਸ ਹੈ। ਡੋਰੀਅਨ ਨੂੰ 'ਬਾਲ ਪ੍ਰਵਾਸੀ ਪ੍ਰੋਗਰਾਮ' ਨਾਮ ਦੀ ਯੋਜਨਾ ਦੇ ਤਹਿਤ 8 ਸਾਲ ਦੀ ਉਮਰ ਵਿਚ ਬ੍ਰਿਟੇਨ ਤੋਂ ਆਸਟ੍ਰੇਲੀਆ ਭੇਜ ਦਿੱਤਾ ਗਿਆ ਸੀ। ਡੋਰੀਅਨ ਉਹਨਾਂ ਹਜ਼ਾਰਾਂ ਬ੍ਰਿਟਿਸ਼ ਬੱਚਿਆਂ ਵਿਚੋਂ ਇਕ ਸਨ, ਜਿਹਨਾਂ ਨੂੰ 1946 ਤੋਂ 1970 ਦੇ ਦਰਮਿਆਨ ਹਜ਼ਾਰਾਂ ਮੀਲ ਦੂਰ ਸਾਬਕਾ ਬ੍ਰਿਟਿਸ਼ ਬਸਤੀਆਂ ਵਿਚ ਭੇਜਿਆ ਗਿਆ ਸੀ।
ਆਸਟ੍ਰੇਲੀਆ ਵਿਚ ਰਹਿੰਦੇ ਹੋਏ ਜਿਵੇਂ-ਜਿਵੇਂ ਡੋਰੀਅਨ ਵੱਡਾ ਹੋਇਆ ਉਸ ਨੂੰ ਯਕੀਨ ਹੁੰਦਾ ਗਿਆ ਕਿ ਉਹ ਯਤੀਮ ਹੈ। ਉਸ ਦਾ ਬਚਪਨ ਬਹੁਤ ਤਰਸਯੋਗ ਹਾਲਾਤ ਵਿਚ ਬੀਤਿਆ।ਡੋਰੀਅਨ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨਾਲ ਬੁਰਾ ਵਿਵਹਾਰ ਕੀਤਾ। ਹਾਲਾਂਕਿ ਇਹਨਾਂ ਸਾਰੇ ਹਾਲਾਤ ਵਿਚੋਂ ਲੰਘਦੇ ਹੋਏ ਡੋਰੀਅਨ ਆਪਣੇ ਪੈਰਾਂ 'ਤੇ ਖੜ੍ਹਾ ਹੋਇਆ ਅਤੇ ਆਪਣਿਆਂ ਦੀ ਤਲਾਸ਼ ਜਾਰੀ ਰੱਖੀ। ਇਸ ਵਿਚਕਾਰ ਡੋਰੀਅਨ ਦੀ ਮੁਲਾਕਾਤ ਬ੍ਰਿਟੇਨ ਵਿਚ ਰਹਿਣ ਵਾਲੀ ਉਹਨਾਂ ਦੀ ਇਕ ਭਤੀਜੀ ਏਨੀ ਨਾਲ ਹੋਈ, ਜਿਸ ਦੀ ਮਦਦ ਨਾਲ ਬਾਅਦ ਵਿਚ ਉਹ ਆਪਣੀ ਮਾਂ ਨੂੰ ਮਿਲਿਆ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਦੇ ਚਿੰਤਾਜਨਕ ਹਾਲਾਤ 'ਤੇ USCIRF ਅੱਜ ਜਾਰੀ ਕਰੇਗਾ ਆਪਣੀ ਸਲਾਨਾ ਰਿਪੋਰਟ
ਅਸਲ ਵਿਚ ਡੋਰੀਅਨ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦਾ ਪਰਿਵਾਰ ਬ੍ਰਿਟੇਨ ਵਿਚ ਰਹਿੰਦਾ ਹੈ ਪਰ ਕੁਝ ਸਮਾਂ ਪਹਿਲਾਂ ਉਹ ਆਪਣੀ ਪਤਨੀ Kay ਨਾਲ ਲੰਡਨ ਗਿਆ ਸੀ, ਜਿੱਥੇ ਉਹਨਾਂ ਨੇ ਏਨੀ ਦੀ ਮਦਦ ਨਾਲ ਆਪਣੀ ਮਾਂ ਨੂੰ ਟ੍ਰੈਕ ਕੀਤਾ, ਜਿਹਨਾਂ ਦਾ ਵ੍ਹਾਈਟਚੈਪਲ ਮਾਰਕੀਟ ਵਿਚ ਸਟਾਲ ਸੀ। ਸਟਾਲ ਵਿਚ ਜਦੋਂ Kay ਨੇ ਡੋਰੀਅਨ ਦੀ ਮਾਂ ਤੋਂ ਪੁੱਛਿਆ ਕੀ ਉਹ ਆਪਣੇ ਬੇਟੇ ਬਾਰੇ ਜਾਣਦੀ ਹੈ ਤਾਂ ਉਹ ਹੈਰਾਨ ਰਹਿ ਗਈ। ਜਦੋਂ ਡੋਰੀਅਨ ਉਹਨਾਂ ਦੇ ਸਾਹਮਣੇ ਆਇਆ ਤਾਂ ਦੋਵੇਂ ਗਲੇ ਲੱਗ ਕੇ ਬਹੁਤ ਰੋਏ। ਸਾਲਾਂ ਬਾਅਦ ਮਾਂ-ਪੁੱਤ ਮਿਲੇ ਸਨ। ਹਾਲਾਂਕਿ ਇਸ ਮੁਲਾਕਾਤ ਦੇ ਕੁਝ ਸਮੇਂ ਬਾਅਦ ਹੀ ਡੋਰੀਅਨ ਦੀ ਮਾਂ ਦੀ ਮੌਤ ਹੋ ਗਈ ਪਰ ਮਾਂ ਜ਼ਰੀਏ ਡੋਰੀਅਨ ਨੂੰ ਇਹ ਪਤਾ ਚੱਲਿਆ ਸੀ ਕਿ ਉਹਨਾਂ ਦੇ ਮਰਹੂਮ ਪਿਤਾ ਦਾ ਨਾਮ ਜੌਰਜ ਥਾਮਸ ਹੈ ਜਿਹਨਾਂ ਦਾ ਜਨਮ 1892 ਵਿਚ ਹੋਇਆ ਸੀ ਅਤੇ ਮੌਤ 1981 ਵਿਚ ਹੋ ਗਈ ਸੀ। ਜੌਰਜ ਪਹਿਲੇ ਵਿਸ਼ਵ ਯੁੱਧ ਵਿਚ ਲੜੇ ਸਨ। ਡੋਰੀਅਨ ਦੇ ਜਨਮ ਤੋਂ ਪਹਿਲਾਂ ਹੀ ਉਹ ਆਪਣੀ ਪਤਨੀ ਤੋਂ ਵੱਖ ਹੋ ਗਏ ਸਨ।