ਮਰਨ ਤੋਂ ਪਹਿਲਾਂ ਮਾਂ ਨੇ ਆਖਰੀ ਵਾਰ ਬਣਾਇਆ ਖਾਣਾ, ਵੀਡੀਓ ਦੇਖ ਭਾਵੁਕ ਹੋਏ ਲੋਕ
Sunday, Nov 06, 2022 - 12:51 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਚੀਨ ਦਾ ਇਕ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਮਾਂ ਆਪਣੇ ਬੱਚੇ ਲਈ ਖਾਣਾ ਬਣਾ ਰਹੀ ਹੈ। ਇਹ ਵੀਡੀਓ ਉਸ ਔਰਤ ਦੀ ਆਖਰੀ ਵੀਡੀਓ ਸੀ ਕਿਉਂਕਿ ਉਸ ਵੀਡੀਓ ਤੋਂ ਬਾਅਦ ਉਸ ਮਾਂ ਦੀ ਮੌਤ ਹੋ ਗਈ ਸੀ। ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਭਾਵੁਕ ਹੋ ਗਏ ਅਤੇ ਕਈਆਂ ਦੀਆਂ ਅੱਖਾਂ 'ਚ ਹੰਝੂ ਆ ਗਏ। ਇਹ ਵੀਡੀਓ ਕਿੱਥੋਂ ਦੀ ਹੈ ਅਤੇ ਉਸ ਮਾਂ ਦੀ ਮੌਤ ਕਿਵੇਂ ਹੋਈ? ਇਸ ਬਾਰੇ ਵੀ ਜਾਣੋ।
ਚੀਨ ਦੀ ਹੈ ਇਹ ਵੀਡੀਓ
SCMP ਦੇ ਅਨੁਸਾਰ ਇਹ ਵੀਡੀਓ ਚੀਨ ਦੀ ਹੈ ਜਿਸ ਵਿੱਚ ਇੱਕ 20 ਸਾਲ ਦੇ ਮੁੰਡੇ ਨੇ ਆਪਣੀ ਕੈਂਸਰ ਪੀੜਤ ਮਾਂ ਦਾ ਖਾਣਾ ਬਣਾਉਂਦੇ ਹੋਏ ਆਖਰੀ ਵੀਡੀਓ ਸ਼ੇਅਰ ਕੀਤੀ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ। ਇਹ ਵੀਡੀਓ ਉੱਤਰੀ ਪੂਰਬੀ ਚੀਨ ਦੇ ਡੇਲੀਅਨ ਦੇ ਰਹਿਣ ਵਾਲੇ ਡੇਂਗ ਨਾਮ ਦੇ ਮੁੰਡੇ ਨੇ ਸ਼ੇਅਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਡੇਂਗ ਦੀ ਮਾਂ ਦਾ ਸੀ। ਵੀਡੀਓ ਸ਼ੇਅਰ ਕਰਦੇ ਹੋਏ ਡੇਂਗ ਨੇ ਕੈਪਸ਼ਨ 'ਚ ਲਿਖਿਆ,"ਮਾਂ, ਹੁਣ ਸ਼ਾਂਤੀ ਨਾਲ ਆਰਾਮ ਕਰੋ। ਹੁਣ ਤੁਹਾਨੂੰ ਕੁਝ ਨਹੀਂ ਹਰਾਏਗਾ।"
Xiaoxiang Morning Herald ਦੀ ਰਿਪੋਰਟ ਮੁਤਾਬਕ ਡੇਂਗ ਦੀ ਮਾਂ ਦੀ ਮੌਤ ਨਵੰਬਰ ਦੇ ਸ਼ੁਰੂ ਵਿੱਚ ਹੋ ਗਈ ਸੀ। ਉਸ ਨੇ ਇਹ ਵੀਡੀਓ ਆਪਣੀ ਮਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਬਣਾਈ ਸੀ। ਡੇਂਗ ਦੇ ਅਨੁਸਾਰ ਉਸਦੀ ਮਾਂ ਦੀਆਂ ਤਿੰਨ ਕੀਮੋਥੈਰੇਪੀ ਹੋਈਆਂ ਸਨ ਪਰ ਉਸਦੀ ਮਾਂ ਨੇ ਕਦੇ ਵੀ ਆਪਣੇ ਦਰਦ ਦੀ ਸ਼ਿਕਾਇਤ ਨਹੀਂ ਕੀਤੀ।ਡੇਂਗ ਦੇ ਅਨੁਸਾਰ ਮੇਰੀ ਮਾਂ ਬਹੁਤ ਮਜ਼ਬੂਤ ਸੀ। ਫਰਵਰੀ ਵਿੱਚ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਿਆ ਸੀ ਪਰ ਉਸਨੇ ਇਸ ਡਰ ਤੋਂ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਕਿ ਅਸੀਂ ਚਿੰਤਾ ਕਰਾਂਗੇ।
ਪੜ੍ਹੋ ਇਹ ਅਹਿਮ ਖ਼ਬਰ- ਬੂਟ 'ਚ ਪੈਰ ਪਾਉਂਦੇ ਹੀ ਦਰਦ ਨਾਲ ਤੜਫਣ ਲੱਗਾ ਬੱਚਾ, 7 ਵਾਰ ਆਇਆ ਹਾਰਟ ਅਟੈਕ, ਤੋੜਿਆ ਦਮ
ਤੀਜੀ ਕੀਮੋਥੈਰੇਪੀ ਤੋਂ ਇੱਕ ਦਿਨ ਬਾਅਦ ਅਚਾਨਕ ਮੇਰੀ ਮਾਂ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਖਾਣਾ ਚਾਹੁੰਦਾ ਹਾਂ? ਇਸ ਤੋਂ ਬਾਅਦ ਮਾਂ ਨੇ ਉਸ ਨੂੰ ਬਾਜ਼ਾਰ ਲਿਜਾਣ ਲਈ ਕਿਹਾ ਅਤੇ ਕਰਿਆਨੇ ਦਾ ਸਾਮਾਨ ਵੀ ਖੁਦ ਖਰੀਦਿਆ ਅਤੇ ਘਰ ਆ ਕੇ ਰਸੋਈ ਵਿਚ ਖਾਣਾ ਬਣਾਉਣ ਚਲੀ ਗਈ। ਡੇਂਗ ਨੇ ਅੱਗੇ ਕਿਹਾ ਕਿ ਮੈਂ ਲਿਵਿੰਗ ਰੂਮ ਵਿੱਚ ਬੈਠਾ ਸੀ ਜਦੋਂ ਮੇਰੀ ਮਾਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਮੈਂ ਆਪਣੀ ਮਾਂ ਨੂੰ ਖਾਣਾ ਬਣਾਉਂਦੇ ਹੋਏ ਦੇਖ ਕੇ ਆਪਣੇ ਹੰਝੂ ਰੋਕ ਨਹੀਂ ਸਕਿਆ ਕਿਉਂਕਿ ਉਹ ਪਹਿਲਾਂ ਹੀ ਬਹੁਤ ਕਮਜ਼ੋਰ ਲੱਗ ਰਹੀ ਸੀ ਪਰ ਫਿਰ ਵੀ ਉਹ ਮੇਰੇ ਲਈ ਖਾਣਾ ਬਣਾ ਰਹੀ ਸੀ। ਉਸ ਨੂੰ ਸਾਹ ਚੜ੍ਹ ਰਿਹਾ ਸੀ ਅਤੇ ਉਸ ਤੋਂ ਬਾਅਦ ਉਸ ਨੇ ਕਾਫੀ ਦੇਰ ਆਰਾਮ ਕੀਤਾ।
ਖਾਣਾ ਪਹਿਲਾਂ ਵਾਂਗ ਹੀ ਸੁਆਦੀ ਸੀ
ਡੇਂਗ ਦੇ ਅਨੁਸਾਰ,ਉਸਦੀ ਮਾਂ ਨੇ ਜੋ ਆਖਰੀ ਭੋਜਨ ਤਿਆਰ ਕੀਤਾ ਸੀ ਉਹ ਪਹਿਲੇ ਵਾਂਗ ਹੀ ਸੁਆਦੀ ਸੀ। ਮੈਂ ਉਸ ਰਾਤ ਸਾਰਾ ਖਾਣਾ ਖਾ ਲਿਆ ਸੀ ਅਤੇ ਮੈਂ ਉਸ ਸਵਾਦ ਨੂੰ ਸਾਰੀ ਉਮਰ ਯਾਦ ਰੱਖਾਂਗਾ। ਡੇਂਗ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਨੂੰ 8 ਲੱਖ ਲਾਈਕਸ ਮਿਲ ਚੁੱਕੇ ਹਨ। ਡੇਂਗ ਨੇ ਆਪਣੇ ਨਵੇਂ ਵੀਡੀਓ ਵਿੱਚ ਕਿਹਾ ਕਿ ਸ਼ਾਇਦ ਮੇਰੀ ਮਾਂ ਨੂੰ ਪਤਾ ਸੀ ਕਿ ਮੈਂ ਇੱਕ ਬਲਾਗਰ ਹਾਂ ਅਤੇ ਇਹ ਵੀਡੀਓ ਮੈਨੂੰ ਆਖਰੀ ਤੋਹਫੇ ਵਜੋਂ ਦਿੱਤਾ ਹੈ। ਡੇਂਗ ਦੇ ਵੀਡੀਓ 'ਤੇ ਕਈ ਲੋਕਾਂ ਨੇ ਕੁਮੈਂਟ ਕੀਤੇ। ਇਕ ਯੂਜ਼ਰ ਨੇ ਲਿਖਿਆ ਕਿ ਜ਼ਿਆਦਾ ਉਦਾਸ ਨਾ ਹੋਵੋ। ਉਸ ਨੇ ਸਿਰਫ ਤੁਹਾਡਾ ਸਾਥ ਦਾ ਤਰੀਕਾ ਬਦਲਿਆ ਹੈ, ਤੁਹਾਡੀ ਮਾਂ ਤੁਹਾਡੇ ਨਾਲ ਹੈ। ਉਹ ਤੁਹਾਡੇ ਕੰਨਾਂ ਦੇ ਪਿੱਛੇ ਹਵਾ ਦੀ ਅਵਾਜ਼ ਵਾਂਗ ਤੁਹਾਡੇ ਨਾਲ ਹੈ। ਉਹ ਆਸਮਾਨ ਵਿਚ ਇਕ ਤਾਰੇ ਵਾਂਗ ਤੁਹਾਡੇ ਨੇੜੇ ਹੈ, ਉਹ ਹਮੇਸ਼ਾ ਤੁਹਾਡੇ ਨਾਲ ਰਹੇਗੀ।