ਮਾਂ ਨਿਕਲੀ ਨਵਜੰਮੇ ਜੁੜਵਾਂ ਬੱਚਿਆਂ ਦੀ ਕਾਤਲ, ਕਈ ਸਾਲ ਬਾਅਦ ਹੋਈ ਗ੍ਰਿਫਤਾਰ
Monday, Dec 07, 2020 - 10:54 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਮਿਸ਼ੀਗਨ ਪੁਲਸ ਨੇ ਲਗਭਗ 17 ਸਾਲ ਪਹਿਲਾਂ ਦੋ ਨਵਜੰਮੇ ਜੁੜਵਾ ਬੱਚਿਆਂ ਦੇ ਕਤਲ ਦੇ ਇੱਕ ਅਣਸੁਲਝੇ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਮਾਮਲੇ ਵਿਚ ਬੱਚਿਆਂ ਦਾ ਕਤਲ ਉਨ੍ਹਾਂ ਦੀ ਮਾਂ ਨੇ ਹੀ ਕੀਤਾ ਸੀ। ਪੁਲਸ ਅਨੁਸਾਰ ਮਿਸ਼ੀਗਨ ਵਾਸੀ ਇਸ ਔਰਤ ਨੇ 2003 ਵਿੱਚ ਆਪਣੇ ਨਵਜੰਮੇ ਜੁੜਵਾਂ ਮੁੰਡਿਆਂ ਦਾ ਕਤਲ ਕਰਕੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਸੀ।
ਪੁਲਿਸ ਵਲੋਂ 41 ਸਾਲਾ ਐਂਟੀਨੇਟ ਬਰਲੀ ਨੂੰ ਇਸ ਸ਼ੁੱਕਰਵਾਰ ਲੰਮੇ ਸਮੇਂ ਤੋਂ ਲਮਕੇ ਇਸ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ 'ਚ ਉਸ 'ਤੇ ਪਹਿਲੇ ਦਰਜੇ ਦੇ ਕਤਲ ਦੇ ਦੋ ਦੋਸ਼ ਲਗਾਏ ਗਏ ਹਨ।
ਪੁਲਿਸ ਦੀ ਜਾਣਕਾਰੀ ਅਨੁਸਾਰ 2003 ਵਿੱਚ ਮਿਡਵੇ ਏਅਰਪੋਰਟ ਦੇ ਉੱਤਰ ਵਿੱਚ ਇੱਕ ਕੂੜਾ ਚੱਕਣ ਵਾਲੇ ਨੂੰ ਕੂੜੇਦਾਨ ਵਿੱਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ।ਇੱਕ ਰਿਪੋਰਟ ਅਨੁਸਾਰ, ਬੱਚੇ ਜ਼ਿੰਦਾ ਪੈਦਾ ਹੋਏ ਸਨ ਪਰ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ। ਉਸ ਸਮੇਂ ਅਧਿਕਾਰੀਆਂ ਦੁਆਰਾ ਇਸ ਮਾਮਲੇ ਦੀ ਇਕ ਵਿਆਪਕ ਜਾਂਚ ਕੀਤੀ ਗਈ ਪਰ ਕੋਈ ਸਬੂਤ ਨਾਂ ਹੋਣ ਕਰਕੇ ਕੇਸ ਠੰਢੇ ਬਸਤੇ ਪੈ ਗਿਆ ਸੀ। ਜਦਕਿ 2018 ਵਿਚ ਇਸ ਕੇਸ ਨੂੰ ਦੁਬਾਰਾ ਖੋਲ੍ਹ ਕੇ, ਜਾਸੂਸਾਂ ਨੇ ਘਟਨਾਂ ਵਾਲੀ ਥਾਂ ਤੋਂ ਬੱਚਿਆਂ ਦੇ ਪ੍ਰਾਪਤ ਕੀਤੇ ਹੋਏ ਡੀ. ਐੱਨ. ਏ. ਸੈਪਲਾਂ ਨੂੰ ਬਰਲੀ ਦੇ ਸੈਂਪਲਾਂ ਨਾਲ ਮਿਲਾਉਣ ਲਈ ਮਿਸ਼ੀਗਨ ਦੇ ਹੌਲੈਂਡ ਵਿੱਚ ਉਸਦੇ ਘਰ ਤੱਕ ਪਹੁੰਚ ਕੀਤੀ। ਇਸਦੇ ਨਤੀਜੇ ਵਜੋਂ ਪੁਲਿਸ ਨੇ ਕਿਹਾ ਕਿ ਇਹ 2003 ਵਿੱਚ ਹੋਏ ਕਤਲਾਂ ਦੇ ਡੀ ਐਨ ਏ ਨਾਲ ਮਿਲਦੇ ਸਨ। ਇਹਨਾਂ ਸਬੂਤਾਂ ਦੇ ਆਧਾਰ ਤੇ ਇਸ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।