ਮਿਸਰ: ਰਮਜ਼ਾਨ ''ਤੇ ਨਹੀਂ ਖੁੱਲਣਗੀਆਂ ਮਸਜਿਦਾਂ, ਲੋਕਾਂ ਨੂੰ ਘਰੇ ਬੈਠੇ ਕਰਨੀ ਪਏਗੀ ਇਬਾਦਤ
Tuesday, Apr 21, 2020 - 05:43 PM (IST)

ਕਾਹਿਰਾ- ਕੋਰੋਨਾ ਵਾਇਰਸ ਦੇ ਵਧਦੇ ਅਸਰ ਨੂੰ ਰੋਕਣ ਲਈ ਸਾਰੇ ਆਪਣੇ-ਆਪਣੇ ਪੱਧਰ 'ਤੇ ਕੋਸ਼ਿਸ਼ ਕਰ ਰਹੇ ਹਨ। ਇਸੇ ਵਿਚਾਲੇ ਮਿਸਰ ਦੀ ਪ੍ਰਸਿੱਧ ਮੁਹੰਮਦ ਮਸਜਿਦ ਵਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਰਮਜ਼ਾਨ ਦੌਰਾਨ ਮਸਜਿਦ ਬੰਦ ਰਹੇਗੀ। ਇਥੇ ਹਰ ਸਾਲ ਰਮਜ਼ਾਨ ਦੇ ਮਹੀਨੇ ਵਿਚ ਗਰੀਬਾਂ ਦੇ ਲਈ ਗਲੀਆਂ ਵਿਚ ਲੰਬੇ ਟੇਬਲਾਂ 'ਤੇ ਗਰੀਬਾਂ ਲਈ ਖਾਣਾ ਪਰੋਸਿਆ ਜਾਂਦਾ ਹੈ ਤਾਂ ਕਿ ਲੋਕ ਇਥੇ ਆ ਕੇ ਆਪਣਾ ਰੋਜ਼ਾ ਖੋਲ੍ਹ ਸਕਣ। ਪਰ ਇਸ ਸਾਲ ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਣ ਅਜਿਹਾ ਕਰ ਸਕਣਾ ਮੁਸ਼ਕਿਲ ਹੋਵੇਗਾ ਇਸ ਲਈ ਮਿਸਰ ਤੇ ਹੋਰ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਆਯੋਜਨ ਨਹੀਂ ਕਰਨ ਦਾ ਫੈਸਲਾ ਲਿਆ ਗਿਆ ਹੈ।
ਮੁਹੰਮਦ ਮਸਜਿਦ ਦੇ ਮੁਆਜਿਨ ਸ਼ੇਖ ਅਬਦੇਲ-ਰਹਿਮਾਨ ਨੇ ਦੱਸਿਆ ਕਿ ਇਸ ਸਾਲ ਮਸਜਿਦ ਬੰਦ ਰਹੇਗੀ ਤੇ ਮਸਜਿਦ ਦੇ ਫੰਡ ਨਾਲ ਗਰੀਬਾਂ ਤੇ ਲੋੜਵੰਦਾਂ ਨੂੰ ਪੈਕ ਕਰਕੇ ਭੋਜਨ ਤੇ ਕੁਝ ਪੈਸੇ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਅਜਿਹਾ ਕਰਨ ਨਾਲ ਅਸੀਂ ਉਹਨਾਂ ਦੇ ਦੁੱਖ ਵਿਚ ਉਹਨਾਂ ਦੀ ਮਦਦ ਕਰ ਸਕਾਂਗੇ। ਦੱਸ ਦਈਏ ਕਿ ਇਸ ਸਾਲ 24 ਅਪ੍ਰੈਲ ਤੋਂ ਰਮਜ਼ਾਨ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਦੁਨੀਆ ਭਰ ਦੇ ਸਾਰੇ ਮੁਲਸਮਾਨ ਪੂਰੇ ਮਨ ਨਾਲ ਇਸ ਪਵਿੱਤਰ ਮਹੀਨੇ ਨੂੰ ਮਨਾਉਣਗੇ ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਪੂਰੀ ਹਿੱਸੇਦਾਰੀ ਨਿਭਾਉਣਗੇ।
ਰਮਜ਼ਾਨ ਦੌਰਾਨ ਸਾਰੇ ਮੁਸਲਮਾਨ ਸਵੇਰੇ ਤੋਂ ਸ਼ਾਮ ਤੱਕ ਰੋਜ਼ਾ ਰੱਖਦੇ ਹਨ। ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਰਹਿੰਦੇ ਹਨ ਤੇ ਅਜ਼ਾਨ ਪੜ੍ਹ ਕੇ ਇਫਤਾਰੀ ਵਿਚ ਆਪਣਾ ਰੋਜ਼ਾ ਖੋਲ੍ਹਦੇ ਹਨ। ਇਸ ਤੋਂ ਬਾਅਦ ਰਾਤ ਨੂੰ ਮਸਜਿਦ ਜਾ ਕੇ 'ਤਰਾਵੀਹ' ਪੜ੍ਹਦੇ ਹਨ। ਇਸ ਸਾਲ ਕਈ ਦੇਸ਼ਾਂ ਵਿਚ ਲੋਕਾਂ ਨੂੰ ਘਰੇ ਹੀ ਰਹਿ ਕੇ ਤਰਾਵੀਹ ਪੜ੍ਹਨ ਦੀ ਸਲਾਹ ਦਿੱਤੀ ਗਈ ਹੈ ਤਾਂਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਲੇਬਨਾਨ ਤੇ ਮਿਸਰ ਵਿਚ ਕਰਫਿਊ ਨੂੰ ਲੈ ਕੇ ਰਾਤ ਨੂੰ 8 ਵਜੇ ਤੋਂ ਬਾਅਦ ਥੋੜੀ ਜਿਹੀ ਢਿੱਲ ਦਿੱਤੀ ਗਈ ਹੈ ਅਜਿਹੇ ਵਿਚ ਲੋਕਾਂ ਦੇ ਕੋਲ ਰਾਤ ਵਿਚ ਇਫਤਾਰ ਵਿਚ ਇਕੱਠੇ ਹੋਣ ਦਾ ਮੌਕਾ ਹੈ ਹਾਲਾਂਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਜ਼ਿਆਦਾ ਦੂਰ ਤੱਕ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਕਈ ਥਾਈਂ ਆਪਣੇ ਹੀ ਦੇਸ਼ਾਂ ਦੇ ਅੰਦਰ ਯਾਤਰਾ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ ਉਥੇ ਹੀ ਸੀਰੀਆ ਨੇ ਆਪਣੇ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਯਾਤਰਾ ਪਾਬੰਦੀ ਹਟਾ ਦਿੱਤੀ ਹੈ।