Abu Dhabi 'ਚ ਪਹਿਲੇ ਦਿਨ BAPS ਹਿੰਦੂ ਮੰਦਰ ਪਹੁੰਚੇ 65 ਹਜ਼ਾਰ ਤੋਂ ਵੱਧ ਸ਼ਰਧਾਲੂ, ਵੇਖੋ ਤਸਵੀਰਾਂ
Monday, Mar 04, 2024 - 10:03 AM (IST)
ਇੰਟਰਨੈਸ਼ਨਲ ਡੈਸਕ- ਅਰਬ ਦੇਸ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੀ ਰਾਜਧਾਨੀ ਅਬੂ ਧਾਬੀ ਵਿੱਚ 65,000 ਤੋਂ ਵੱਧ ਸ਼ਰਧਾਲੂਆਂ ਨੇ ਐਤਵਾਰ ਨੂੰ ਹਾਲ ਹੀ ਵਿੱਚ ਬਣੇ BAPS ਹਿੰਦੂ ਮੰਦਰ ਦੇ ਦਰਸ਼ਨ ਕੀਤੇ। ਮੰਦਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਿਵੇਂ ਹੀ ਮੰਦਰ ਖੁੱਲ੍ਹਿਆ ਤਾਂ ਸਵੇਰੇ 40 ਹਜ਼ਾਰ ਅਤੇ ਸ਼ਾਮ ਨੂੰ 25 ਹਜ਼ਾਰ ਤੋਂ ਵੱਧ ਸ਼ਰਧਾਲੂ ਪੂਜਾ ਕਰਨ ਲਈ ਪਹੁੰਚੇ। ਮੰਦਰ ਵਿਚ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੇ ਮੰਦਰ ਦੇ ਖੁੱਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਢੁਕਵੇਂ ਪ੍ਰਬੰਧ ਕਰਨ ਲਈ BAPS ਵਲੰਟੀਅਰਾਂ ਅਤੇ ਮੰਦਰ ਦੇ ਸਟਾਫ ਦੀ ਪ੍ਰਸ਼ੰਸਾ ਕੀਤੀ। BAPS ਮੰਦਰ ਅਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ 14 ਫਰਵਰੀ ਨੂੰ ਕੀਤਾ ਸੀ।
ਮੰਦਰ ਆਏ ਸ਼ਰਧਾਲੂਆਂ ਨੇ ਪ੍ਰਗਟਾਈ ਖੁਸ਼ੀ
ਮੀਡੀਆ ਰਿਪੋਰਟਾਂ ਮੁਤਾਬਕ ਇੱਕ ਨਵ-ਵਿਆਹੁਤਾ ਜੋੜਾ ਆਪਣੇ ਵਿਆਹ ਦੇ ਪਹਿਲੇ ਦਿਨ ਇੱਥੇ ਆਇਆ ਅਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਡੇ ਲਈ ਇੱਥੇ ਆ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਦਾ ਇਹ ਬਹੁਤ ਵਧੀਆ ਮੌਕਾ ਹੈ। ਇੱਥੇ ਬਹੁਤ ਸ਼ਾਂਤੀ ਹੈ। ਉਨ੍ਹਾਂ ਕਿਹਾ ਕਿ ਮੰਦਰ ਦੀ ਵਾਸਤੂਕਲਾ ਬਹੁਤ ਸ਼ਾਨਦਾਰ ਹੈ। ਇਹ ਕਾਫ਼ੀ ਸੁੰਦਰ ਹੈ। ਅਸੀਂ ਆਪਣੇ ਵਿਆਹ ਦੇ ਪਹਿਲੇ ਦਿਨ ਇੱਥੇ ਆ ਕੇ ਬਹੁਤ ਖੁਸ਼ ਹਾਂ।
ਪੜ੍ਹੋ ਇਹ ਅਹਿਮ ਖ਼ਬਰ-ਦੁਬਈ 'ਚ ਹੋਈ ਦੁਨੀਆ ਦੀ ਪਹਿਲੀ ਅਜਿਹੀ Race, ਆਸਮਾਨ 'ਚ ਉੱਡਦੇ ਨਜ਼ਰ ਆਏ ਲੋਕ (ਤਸਵੀਰਾਂ)
ਪ੍ਰਧਾਨ ਮੰਤਰੀ ਮੋਦੀ ਨੇ 14 ਫਰਵਰੀ ਨੂੰ ਕੀਤਾ ਸੀ ਉਦਘਾਟਨ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਫਰਵਰੀ ਨੂੰ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਸੀ। ਇੱਕ ਦਿਨ ਪਹਿਲਾਂ ਬੀ.ਏ.ਪੀ.ਐਸ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਇਹ ਮੰਦਰ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ। ਇਸ ਮੰਦਰ ਦਾ ਨਿਰਮਾਣ ਬੋਚਾਸਨ ਨਿਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐੱਸ.) ਵੱਲੋਂ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ 27 ਏਕੜ ਵਿੱਚ ਕੀਤਾ ਗਿਆ ਹੈ। ਮੰਦਰ ਲਈ ਜ਼ਮੀਨ ਯੂ.ਏ.ਈ ਸਰਕਾਰ ਨੇ ਦਾਨ ਕੀਤੀ ਹੈ। ਇਹ ਮੰਦਰ ਅਬੂ ਧਾਬੀ ਦੇ 'ਅਲ ਵਕਬਾ' ਨਾਮਕ ਸਥਾਨ 'ਤੇ 20,000 ਵਰਗ ਮੀਟਰ ਦੀ ਜ਼ਮੀਨ 'ਤੇ ਬਣਿਆ ਹੈ। ਹਾਈਵੇਅ ਦੇ ਨਾਲ ਲੱਗਦੇ ਅਲ ਵਾਕਬਾ, ਅਬੂ ਧਾਬੀ ਤੋਂ ਲਗਭਗ 30 ਮਿੰਟ ਦੀ ਦੂਰੀ 'ਤੇ ਹੈ। ਅੰਕੜਿਆਂ ਅਨੁਸਾਰ ਯੂ.ਏ.ਈ ਵਿੱਚ ਲਗਭਗ 26 ਲੱਖ ਭਾਰਤੀ ਰਹਿੰਦੇ ਹਨ, ਜੋ ਕਿ ਉਥੋਂ ਦੀ ਆਬਾਦੀ ਦਾ ਲਗਭਗ 30% ਹੈ।
ਮੰਦਰ 'ਚ ਤੰਗ ਕੱਪੜਿਆਂ ਅਤੇ ਟੀ-ਸ਼ਰਟਾਂ 'ਤੇ ਪ੍ਰਵੇਸ਼ 'ਤੇ ਪਾਬੰਦੀ
ਮੰਦਰ ਦੇ ਦਰਸ਼ਨਾਂ ਲਈ ਕੱਪੜੇ ਕਿਵੇਂ ਪਹਿਨਣੇ ਹਨ, ਇਸ ਲਈ ਮੰਦਰ ਦੀ ਵੈੱਬਸਾਈਟ 'ਤੇ ਡਰੈੱਸ ਕੋਡ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ ਸੈਲਾਨੀਆਂ ਨੂੰ ਆਪਣੇ ਸਰੀਰ ਨੂੰ ਗਰਦਨ, ਕੂਹਣੀਆਂ ਅਤੇ ਗਿੱਟਿਆਂ ਤੱਕ ਢੱਕਣਾ ਪਵੇਗਾ। ਇਤਰਾਜ਼ਯੋਗ ਡਿਜ਼ਾਈਨ ਵਾਲੇ ਟੋਪੀਆਂ, ਟੀ-ਸ਼ਰਟਾਂ ਅਤੇ ਹੋਰ ਭੜਕਾਊ ਕੱਪੜੇ ਪਹਿਨਣ ਦੀ ਇਜਾਜ਼ਤ ਨਹੀਂ ਹੈ। ਪਾਰਦਰਸ਼ੀ ਅਤੇ ਤੰਗ-ਫਿਟਿੰਗ ਵਾਲੇ ਕੱਪੜੇ ਵੀ ਨਹੀਂ ਪਹਿਨਣੇ ਹੋਣਗੇ। ਅਜਿਹੇ ਕੱਪੜਿਆਂ ਅਤੇ ਚੀਜ਼ਾਂ ਤੋਂ ਬਚਣ ਲਈ ਕਿਹਾ ਗਿਆ ਹੈ ਜੋ ਲੋਕਾਂ ਦਾ ਧਿਆਨ ਭਟਕਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।