ਵੱਡੀ ਮੁਸੀਬਤ ’ਚ ਫੇਸਬੁਕ, ਅਮਰੀਕਾ ਦੇ 40 ਰਾਜ ਮਿਲ ਕੇ ਕਰਨਗੇ ਮੁਕੱਦਮਾ
Wednesday, Dec 09, 2020 - 06:01 PM (IST)
ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਸਾਈਟ ਫੇਸਬੁੱਕ ਹਮੇਸ਼ਾ ਕਿਸੇ-ਨਾ-ਕਿਸੇ ਵਿਵਾਦ ’ਚ ਰਹਿੰਦੀ ਹੈ। ਕਦੇ ਡਾਟਾ ਲੀਕ ਹੁੰਦਾ ਹੈ ਤਾਂ ਕਦੇ ਕਿਸੇ ਰਾਜਨੀਤਿਕ ਪਾਰਟੀ ਨੂੰ ਸੁਪੋਰਟ ਕਰਨ ਦਾ ਦੋਸ਼ ਲਗਦਾ ਹੈ। ਹੁਣ ਨਿਊਯਾਰਕ ਰਾਜ ਦੀ ਅਗਵਾਈ ’ਚ ਅਮਰੀਕਾ ਦੇ 40 ਤੋਂ ਜ਼ਿਆਦਾ ਰਾਜਾਂ ਦਾ ਇਕ ਸਮੂਹ ਫੇਸਬੁੱਕ ’ਤੇ ਇਕੱਠੇ ਮਿਲ ਕੇ ਮੁਕੱਦਮਾ ਕਰਨ ਜਾ ਰਿਹਾ ਹੈ। ਅਵਿਸ਼ਵਾਸ ਉਲੰਘਣ ਜਾਂਚ ਅਤੇ ਪ੍ਰਾਈਵੇਸੀ ਦੀ ਸੁਰੱਖਿਆ ਨਾ ਰੱਖਣ ਦੇ ਮਾਮਲੇ ’ਚ ਇਹ ਕਾਰਵਾਈ ਕੀਤੀ ਜਾਵੇਗੀ। ਇਸ ਸਾਲ ਕਿਸੇ ਵੱਡੀ ਟੈੱਕ ਕੰਪਨੀ ਨੂੰ ਘੇਰਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਅਕਤੂਬਰ ’ਚ ਜਸਟਿਸ ਡਿਪਾਰਟਮੈਂਟ ਨੇ ਗੂਗਲ ’ਤੇ ਕੇਸ ਕੀਤਾ ਸੀ। ਅਮਰੀਕੀ ਫੈਡਰਲ ਟ੍ਰੇਡ ਕਮਿਸ਼ਨ ਦੇ ਕਮਿਸ਼ਨਰਾਂ ਦੀ ਬੁੱਧਵਾਰ ਨੂੰ ਹੋਈ ਬੈਠਕ ’ਚ ਪ੍ਰਸ਼ਾਸਨਿਕ ਜੱਜ ਜਾਂ ਕੋਰਟ ’ਚ ਮੁਕੱਦਮਾ ਦਰਜ ਕਰਨ ’ਤੇ ਚਰਚਾ ਹੋਈ।
ਫੇਸਬੁੱਕ ’ਤੇ ਇਕ ਦੋਸ਼ ਹਮੇਸ਼ਾ ਲਗਦਾ ਰਿਹਾ ਹੈ ਕਿ ਉਹ ਛੋਟੇ ਵਿਰੋਧੀਆਂ ਨੂੰ ਵੱਡੀ ਰਾਸ਼ੀ ਦੇ ਕੇ ਖ਼ਰੀਦ ਲੈਂਦੀ ਹੈ। 2012 ’ਚ ਇੰਸਟਾਗ੍ਰਾਮ ਅਤੇ 2014 ’ਚ ਵਟਸਐਪ ਨਾਲ ਸੌਦਾ ਇਸ ਦੇ ਪ੍ਰਮੱਖ ਉਦਾਹਰਣ ਹਨ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਾਂਗਰਸ ਦੀ ਪੁੱਛਗਿਛ ’ਚ ਇੰਸਟਾਗ੍ਰਾਮ ਅਤੇ ਵਟਸਐਪ ਦੇ ਵਿਵਾਦਿਤ ਐਕਵਾਇਰ ਦਾ ਬਚਾਅ ਕੀਤਾ ਸੀ। ਉਨ੍ਹਾਂ ਕਾਂਗਰਸ ਨੂੰ ਦੱਸਿਆ ਕਿ ਉਸ ਸੋਸ਼ਲ ਮੀਡੀਆ ਦਿੱਗਜ ਨੇ ਇਨ੍ਹਾਂ ਦੋਵਾਂ ਬ੍ਰਾਂਡਾਂ ਨੂੰ ਵਿਸਤਾਰ ਕਰਕੇ ਪਾਵਰਹਾਊਸ ’ਚ ਬਦਲਣ ’ਚ ਮਦਦ ਕੀਤੀ।
ਉਥੇ ਹੀ ਫੇਸਬੁੱਕ ਖਿਲਾਫ ਐੱਚ-1 ਬੀ ਵੀਜ਼ਾ ਧਾਰਕਾਂ ਦਾ ਪੱਖ ਲੈਣ ਨੂੰ ਲੈ ਕੇ ਵੀ ਇਕ ਮੁਕੱਦਮਾ ਦਰਜ ਹੋਇਆ ਹੈ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਫੇਸਬੁੱਕ ਅਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਉੱਚ ਤਨਖਾਹ ਸਕੇਲ ’ਤੇ ਪਰਖਦੀ ਹੈ ਜਦਕਿ ਅਮਰੀਕੀ ਲੋਕਾਂ ਨੂੰ ਮੌਕਾ ਨਹੀਂ ਦਿੰਦੀ।