ਮੇਅਰ ਬੋਏਚੇਂਕੋ ਦਾ ਦਾਅਵਾ, ਰੂਸੀ ਹਮਲੇ ''ਚ ਮਾਰੇ ਗਏ 10 ਹਜ਼ਾਰ ਤੋਂ ਵੱਧ ਨਾਗਰਿਕ

Tuesday, Apr 12, 2022 - 03:01 PM (IST)

ਕੀਵ (ਭਾਸ਼ਾ)- ਰੂਸੀ ਫ਼ੌਜ ਵੱਲੋਂ ਯੂਕ੍ਰੇਨ ਦੇ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਛੇ ਹਫ਼ਤਿਆਂ ਦੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਵਿੱਚ ਹੁਣ ਤੱਕ 10,000 ਤੋਂ ਵੱਧ ਨਾਗਰਿਕ ਮਾਰੇ ਜਾ ਚੁੱਕੇ ਹਨ। ਮਾਰੀਉਪੋਲ ਦੇ ਮੇਅਰ ਵਾਦਿਮ ਬੋਏਚੇਂਕੋ ਨੇ ਇਹ ਦਾਅਵਾ ਕੀਤਾ ਹੈ। ਇੱਥੇ ਹਾਲਾਤ ਇੰਨੇ ਖਰਾਬ ਹਨ ਕਿ ਸ਼ਹਿਰ ਦੀਆਂ ਸੜਕਾਂ 'ਤੇ ਲੋਕਾਂ ਦੀਆਂ ਲਾਸ਼ਾਂ ਗਲੀਚਿਆਂ ਵਾਂਗ ਵਿਛੀਆਂ ਹੋਈਆਂ ਹਨ। ਇਸ ਦੌਰਾਨ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਰੂਸੀ ਫ਼ੌਜ ਦਾ ਇਕ ਕਾਫਲਾ ਯੂਕ੍ਰੇਨ ਦੇ ਪੂਰਬੀ ਹਿੱਸੇ ਵੱਲ ਵਧ ਰਿਹਾ ਹੈ ਅਤੇ ਉੱਥੇ ਇਕ ਵੱਡਾ ਹਮਲਾ ਹੋਣ ਦੀ ਸੰਭਾਵਨਾ ਹੈ। 

ਮਾਰੀਉਪੋਲ ਪਿਛਲੇ ਛੇ ਹਫ਼ਤਿਆਂ ਵਿੱਚ ਸਭ ਤੋਂ ਭਿਆਨਕ ਹਮਲਿਆਂ ਦਾ ਸ਼ਿਕਾਰ ਹੋਇਆ ਹੈ ਅਤੇ ਇੱਥੇ ਆਮ ਨਾਗਰਿਕਾਂ ਨੂੰ ਬਹੁਤ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਮਾਰੀਉਪੋਲ 'ਤੇ ਕਬਜ਼ਾ ਕਰਨ ਲਈ ਰੂਸੀ ਫ਼ੌਜ ਦੁਆਰਾ ਕੀਤੇ ਗਏ ਸਾਰੇ ਹਮਲੇ ਤੋਂ ਬਾਅਦ ਸ਼ਹਿਰ ਦੀ ਮੌਜੂਦਾ ਸਥਿਤੀ ਬਾਰੇ ਸੀਮਤ ਜਾਣਕਾਰੀ ਹੈ। ਸੋਮਵਾਰ ਨੂੰ ਨਿਊਜ਼ ਏਜੰਸੀ ਐਸੋਸਿਏਟਿਡ ਪ੍ਰੈਸ ਨਾਲ ਫੋਨ ਰਾਹੀਂ ਗੱਲ ਕਰਦੇ ਹੋਏ ਸ਼ਹਿਰ ਦੇ ਮੇਅਰ ਵਾਦਿਮ ਬੋਏਚੇਂਕੋ ਨੇ ਰੂਸੀ ਫ਼ੌਜਾਂ 'ਤੇ ਇਸ ਕਤਲੇਆਮ ਨੂੰ ਬਾਹਰੀ ਦੁਨੀਆ ਤੋਂ ਲੁਕਾਉਣ ਅਤੇ ਕਈ ਹਫ਼ਤਿਆਂ ਤੱਕ ਮਨੁੱਖਤਾਵਾਦੀ ਕਾਫਲਿਆਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਦੋਸ਼ ਲਗਾਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਅਤੇ ਜਾਪਾਨ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ

ਵਾਦਿਮ ਬੋਏਚੇਂਕੋ ਮੁਤਾਬਕ ਰੂਸੀ ਹਮਲੇ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 20 ਹਜ਼ਾਰ ਹੋ ਸਕਦੀ ਹੈ। ਉਨ੍ਹਾਂ ਨੇ ਯੂਕ੍ਰੇਨ ਦੇ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਫ਼ੌਜ ਨੇ ਹਮਲੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਨਿਪਟਾਰੇ ਲਈ ਮਰੀਉਪੋਲ 'ਚ ਅੰਤਿਮ ਸੰਸਕਾਰ ਦਾ ਸਾਮਾਨ ਵੀ ਲਿਆਂਦਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News