ਬ੍ਰਿਟੇਨ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੋਈਆਂ ਵਧੇਰੇ ਮੌਤਾਂ : ਰਿਪੋਰਟ
Wednesday, Feb 03, 2021 - 11:47 AM (IST)
ਲੰਡਨ- ਬ੍ਰਿਟੇਨ ਵਿਚ ਕੋਰੋਨਾ ਮਹਾਮਾਰੀ ਦੇ ਸ਼ੁਰੂਆਤ ਦੀ ਤੁਲਨਾ ਵਿਚ ਦੂਜੀ ਲਹਿਰ ਵਿਚ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਸਕਾਈ ਨਿਊਜ਼ ਨੇ ਰਾਸ਼ਟਰੀ ਅੰਕੜੇ ਦਫ਼ਤਰ (ਓ. ਐੱਨ. ਐੱਸ.) ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਮਾਰਚ ਤੋਂ ਅਗਸਤ ਦੇ ਅਖੀਰ ਤੱਕ 57,071 ਲੋਕਾਂ ਦੀ ਮੌਤ ਹੋਈ ਜਦਕਿ ਬਾਅਦ ਵਿਚ ਅਗਸਤ ਤੋਂ ਜਨਵਰੀ 2021 ਤੱਕ 59,677 ਲੋਕਾਂ ਦੀ ਮੌਤ ਹੋਈ। ਇਸ ਹਿਸਾਬ ਨਾਲ ਬਾਅਦ ਵਿਚ ਵਧੇਰੇ ਮੌਤਾਂ ਹੋਈਆਂ।
16 ਜਨਵਰੀ ਨੂੰ ਇਸ ਵਾਇਰਸ ਦੇ ਸੰਕਰਮਣ ਨਾਲ 1,273 ਲੋਕਾਂ ਦੀ ਮੌਤ ਦਰਜ ਕੀਤੀ ਗਈ, ਹਾਲਾਂਕਿ ਇਹ ਗਿਣਤੀ ਪਿਛਲੇ ਸਾਲ ਅਪ੍ਰੈਲ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਘੱਟ ਹੈ। ਓ. ਐੱਨ. ਐੱਸ. ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿਚ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਬ੍ਰਿਟੇਨ ਵਿਚ ਕੋਰੋਨਾ ਦੀ ਦੂਜੀ ਲਹਿਰ ਵਿਚ 3 ਕਾਰਨਾਂ ਕਾਰਨ ਮੌਤਾਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਇਹ ਪਹਿਲੀ ਲਹਿਰ ਦੀ ਤੁਲਨਾ ਵਿਚ ਵਧੇਰੇ ਸਮਾਂ ਚੱਲੀ, ਜੋ ਅਜੇ ਵੀ ਜਾਰੀ ਹੈ ਅਤੇ ਇਹ ਸਰਦੀਆਂ ਦੇ ਮਹੀਨਿਆਂ ਦੇ ਬਰਾਬਰ ਹੈ।