ਮੋਨੋਕਲੋਨਲ ਐਂਟੀਬਾਡੀ ਦੀ ਸ਼ੁਰੂਆਤੀ ਵਰਤੋਂ ਨਾਲ 85 ਫੀਸਦੀ ਤਕ ਘੱਟ ਸਕਦੈ ਕੋਰੋਨਾ ਤੋਂ ਮੌਤ ਦਾ ਖਤਰਾ : ਡਾ. ਫੌਸੀ
Thursday, Aug 26, 2021 - 05:44 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥਨੀ ਫੌਸੀ ਨੇ ਮੰਗਲਵਾਰ ਕਿਹਾ ਕਿ ਐਂਟੀਬਾਡੀ ਦੀ ਸ਼ੁਰੂਆਤੀ ਵਰਤੋਂ ਨਾਲ ਕੋਰੋਨਾ ਪੀੜਤਾਂ ’ਚ ਹਸਪਤਾਲ ’ਚ ਦਾਖਲ ਹੋਣ ਤੇ ਮੌਤ ਦਾ ਜੋਖਮ 85 ਫੀਸਦੀ ਤਕ ਘੱਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ’ਚ ਬੀਮਾਰੀ ਦੇ ਸ਼ੁਰੂਆਤੀ ਪੜਾਅ ’ਚ ਮੋਨੋਕਲੋਨਲ ਐਂਟੀਬਾਡੀ ਇਲਾਜ ਪ੍ਰਾਪਤ ਕਰਨਾ ਲਾਭਦਾਇਕ ਸਾਬਤ ਹੋ ਸਕਦਾ ਹੈ। ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਐਂਥਨੀ ਫੌਸੀ ਨੇ ਕਿਹਾ ਕਿ ਹਸਪਤਾਲ ’ਚ ਦਾਖਲ ਹੋਣ ਤੋਂ ਪਹਿਲਾਂ ਵਾਇਰਸ ਨਾਲ ਲੜਨ ਲਈ ਲੈਬ ਵੱਲੋਂ ਬਣਾਈ ਗਈ ਐਂਟੀਬਾਡੀਜ਼ ਦੀ ਵਰਤੋਂ ਗੰਭੀਰ ਬੀਮਾਰੀ ਦੀ ਸੰਭਾਵਨਾ ਨੂੰ 70 ਤੋਂ 85 ਫੀਸਦੀ ਤੱਕ ਘੱਟ ਕਰ ਸਕਦੀ ਹੈ। ਉਨ੍ਹਾਂ ਕੋਵਿਡ-19 ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਲੋਕਾਂ ਨੂੰ ਇਸ ਗੱਲ 'ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ ਇਹ ਉਪਾਅ ਲਾਗ ਦੇ ਸ਼ੁਰੂਆਤੀ ਪੜਾਅ ’ਤੇ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਵਿਅਕਤੀ ਦੇ ਹਸਪਤਾਲ ’ਚ ਦਾਖਲ ਹੋਣ ਲਈ ਪੂਰੀ ਤਰ੍ਹਾਂ ਬੀਮਾਰ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : DSGMC ਚੋਣਾਂ : ਪਰਮਜੀਤ ਸਰਨਾ ਵੱਲੋਂ ਧਮਕੀ, ਕਿਹਾ-ਮੇਰਾ ਕੋਈ ਮੈਂਬਰ ਬਾਦਲਾਂ ਵੱਲ ਗਿਆ ਤਾਂ ਕਰਾਂਗਾ ਖ਼ੁਦਕੁਸ਼ੀ
ਅਮਰੀਕੀ ਸਰਕਾਰ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥਨੀ ਨੇ ਕਿਹਾ ਹੈ ਕਿ ਇਥੇ ਅਗਲੇ ਸਾਲ ਬਸੰਤ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਦੇ ਹਾਲਾਮ ਆਮ ਹੋਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਸਥਿਤੀ ਕਿਹੋ ਜਿਹੀ ਹੋਵੇਗੀ, ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕਿੰਨੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਡਾ. ਫੌਸੀ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਸਾਲ ਦੀ ਬਸੰਤ ਤੱਕ ਕੋਰੋਨਾ ਦੀ ਸਥਿਤੀ ਕਾਬੂ ’ਚ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਟੀਕਾਕਰਨ ਦੀ ਗਤੀ ਵਧਾਈਏ ਅਤੇ ਵੱਧ ਤੋਂ ਵੱਧ ਆਬਾਦੀ ਨੂੰ ਇਸ ਮਹਾਮਾਰੀ ਤੋਂ ਬਚਾਈਏ।
ਡਾ. ਫੌਸੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਐੱਫ. ਡੀ. ਏ. ਨੇ ਹਾਲ ਹੀ ’ਚ ਫਾਈਜ਼ਰ ਦੇ ਟੀਕੇ ਨੂੰ ਪੂਰੀ ਤਰ੍ਹਾਂ ਇਜਾਜ਼ਤ ਦੇ ਦਿੱਤੀ ਹੈ। ਇਕ ਅੰਕੜੇ ਦੇ ਅਨੁਸਾਰ ਅਮਰੀਕਾ ’ਚ ਅਗਸਤ ’ਚ ਰੋਜ਼ਾਨਾ 4 ਲੱਖ ਲੋਕਾਂ ਨੂੰ ਟੀਕੇ ਲਾਏ ਗਏ। ਇਥੇ 17 ਕਰੋੜ 11 ਲੱਖ ਲੋਕਾਂ ਨੂੰ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਅਮਰੀਕਾ ’ਚ ਇਸ ਬੀਮਾਰੀ ਦੇ ਮਾਮਲਿਆਂ ’ਚ ਆਈ ਹਾਲ ਹੀ ਦੀ ਤੇਜ਼ੀ ਦਾ ਮੁੱਖ ਕਾਰਨ ਬਣਿਆ ਹੈ। ੳਥੇ ਹੀ ਹਸਪਤਾਲਾਂ ’ਚ ਦਾਖਲ ਹੋਣ ਵਾਲੇ ਤੇ ਇਸ ਬੀਮਾਰੀ ਨਾਲ ਮਰਨ ਵਾਲੇ ਲੋਕਾਂ ’ਚ ਜ਼ਿਆਦਾਤਰ ਲੋਕ ਅਜਿਹੇ ਹਨ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਸੀ। ਡਾ. ਫੌਸੀ ਨੇ ਕਿਹਾ ਕਿ ਇਹ ਸਾਡੇ ’ਤੇ ਹੈ ਕਿ ਸਥਿਤੀ ਕਿਹੋ ਜਿਹੀ ਰਹਿੰਦੀ ਹੈ।