ਅਲਬਰਟਾ ਸੂਬੇ ਨੂੰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋਂ ਮਿਲੇਗੀ ਛੋਟ

Monday, Feb 08, 2021 - 03:27 PM (IST)

ਅਲਬਰਟਾ ਸੂਬੇ ਨੂੰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋਂ ਮਿਲੇਗੀ ਛੋਟ

ਅਲਬਰਟਾ- ਕੈਨੇਡਾ ਦਾ ਸੂਬਾ ਅਲਬਰਟਾ ਕੋਰੋਨਾ ਵਾਇਰਸ ਦੀ ਮਾਰ ਨਾਲ ਜੂਝ ਰਿਹਾ ਹੈ ਤੇ ਬਹੁਤੇ ਲੋਕਾਂ ਦੀ ਸਲਾਹ ਹੈ ਕਿ ਅਜੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਨਹੀਂ ਦੇਣੀ ਚਾਹੀਦੀ ਸਗੋਂ ਇਸੇ ਤਰ੍ਹਾਂ ਲਾਗੂ ਰੱਖਣੀਆਂ ਚਾਹੀਦੀਆਂ ਹਨ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਝੱਲਣਾ ਪਿਆ ਹੈ, ਇਸ ਲਈ ਸਰਕਾਰ ਨੂੰ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ। 

ਜਾਣਕਾਰੀ ਮੁਤਾਬਕ 8 ਦਸੰਬਰ ਤੋਂ ਰੈਸਟੋਰੈਂਟਾਂ ਦੇ ਅੰਦਰ ਬੈਠ ਕੇ ਲੋਕਾਂ ਨੂੰ ਖਾਣਾ ਖਾਣ ਦੀ ਇਜਾਜ਼ਤ ਮਿਲੇਗੀ। ਇਸ ਦੌਰਾਨ ਪਾਬੰਦੀ ਇਹ ਰਹੇਗੀ ਕਿ ਇਕ ਮੇਜ਼ 'ਤੇ ਇਕੋ ਪਰਿਵਾਰ ਦੇ ਲੋਕ ਹੀ ਬੈਠ ਸਕਣਗੇ। ਇਸ ਦੇ ਨਾਲ ਹੀ ਪੂਲਸਾਈਡ ਖਾਣ-ਪੀਣ ਵਾਲੇ ਖੇਤਰਾਂ ਨੂੰ ਵੀ ਖਾਣ-ਪੀਣ ਦੀਆਂ ਸੁਵਿਧਾਵਾਂ ਦੇਣ ਲਈ ਖੋਲ੍ਹ ਦਿੱਤਾ ਜਾਵੇਗਾ। ਇਨ੍ਹਾਂ ਸਭ ਅਦਾਰਿਆਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾ ਕੇ ਰੱਖਣ ਵਰਗੀਆਂ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਨੀ ਪਵੇਗੀ।

 
ਇਸ ਦੇ ਇਲਾਵਾ ਫਿੱਟਨੈੱਸ ਟਰੇਨਿੰਗ ਲਈ ਇਕ-ਇਕ ਵਿਅਕਤੀ ਹੀ ਜਾ ਸਕੇਗਾ। ਜਿੰਮ ਤੇ ਫਿੱਟਨੈੱਸ ਸੈਂਟਰਾਂ ਦਾ ਕਹਿਣਾ ਹੈ ਕਿ ਜੇਕਰ ਮਾਰਚ ਤਕ ਪਾਬੰਦੀਆਂ ਨੂੰ ਨਾ ਹਟਾਇਆ ਗਿਆ ਤਾਂ ਉਹ ਇਸ ਕਾਰਨ ਹੋਣ ਵਾਲੇ ਵਿੱਤੀ ਘਾਟੇ ਤੋਂ ਕਦੇ ਉੱਭਰ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 2500 ਕਾਮੇ ਬਿਨਾਂ ਤਨਖ਼ਾਹ ਦੇ ਬੈਠੇ ਹਨ ਤੇ ਅੱਗੇ ਵੀ ਉਨ੍ਹਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਹਾਲਾਂਕਿ ਸਿਹਤ ਅਧਿਕਾਰੀ ਵਾਰ-ਵਾਰ ਅਪੀਲ ਕਰ ਰਹੇ ਹਨ ਕਿ ਲੋਕ ਅਜੇ ਤਾਲਾਬੰਦੀ ਲਾਗੂ ਰੱਖਣ ਤੇ ਪਾਬੰਦੀਆਂ ਬਣਾਈ ਰੱਖਣ ਲਈ ਹੀ ਜ਼ੋਰ ਪਾਉਣ ਕਿਉਂਕਿ ਜੇਕਰ ਕੋਰੋਨਾ ਦੀ ਤੀਜੀ ਲਹਿਰ ਆ ਗਈ ਤਾਂ ਲੋਕਾਂ ਦੀ ਜ਼ਿੰਦਗੀ ਵੱਡੇ ਖ਼ਤਰੇ ਵਿਚ ਪੈ ਸਕਦੀ ਹੈ। 


author

Lalita Mam

Content Editor

Related News