239 ਲੋਕਾਂ ਨੂੰ ਖਾ ਗਿਆ ਆਸਮਾਨ, ਉਡੀਕ 'ਚ ਪਥਰਾ ਗਈਆਂ ਪਰਿਵਾਰਾਂ ਦੀਆਂ ਅੱਖਾਂ

03/08/2020 11:04:21 AM

ਮਲੇਸ਼ੀਆ— 8 ਮਾਰਚ, 2014 ਦਾ ਦਿਨ ਉਹ ਪਰਿਵਾਰ ਕਦੇ ਨਹੀਂ ਭੁੱਲ ਸਕਦੇ ਜਿਨ੍ਹਾਂ ਦੇ ਪਿਆਰੇ ਬੀਜਿੰਗ ਲਈ ਰਵਾਨਾ ਹੋਏ ਪਰ ਮੁੜ ਕਦੇ ਵਾਪਸ ਨਾ ਆਏ। ਉਡਾਣ ਭਰਦਿਆਂ ਹੀ ਆਸਮਾਨ 'ਚ ਹੀ ਇਹ ਜਹਾਜ਼ ਗਾਇਬ ਹੋ ਗਿਆ ਤੇ ਕਈ ਸਾਲਾਂ ਤਕ ਇਸ ਦਾ ਕੋਈ ਸੁਰਾਗ ਤਕ ਨਹੀਂ ਮਿਲਿਆ। ਜਹਾਜ਼ ‘ਚ ਸਵਾਰ 239 ਲੋਕ ਕਿੱਥੇ ਗਾਇਬ ਹੋ ਗਏ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਹ ਇਕ ਅਜਿਹਾ ਰਾਜ ਬਣ ਗਿਆ ਹੈ ਕਿ ਜਿਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।

ਅਸੀਂ ਗੱਲ ਕਰ ਰਹੇ ਹਾਂ ਮਲੇਸ਼ੀਅਨ ਏਅਰਲਾਈਨ ਦੀ ਫਲਾਈਟ ਐਮ. ਐੱਚ. 370 ਦੀ, ਜੋ 8 ਮਾਰਚ 2014 ਨੂੰ ਆਸਮਾਨ 'ਚੋਂ ਹੀ ਗਾਇਬ ਹੋ ਗਈ। ਐਮ. ਐੱਚ. 370 ਨੇ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਜਿੰਗ ਏਅਰਪੋਰਟ ਲਈ ਉਡਾਣ ਭਰੀ ਸੀ ਪਰ ਇਸ ਦਾ ਸੰਪਰਕ ਏਅਰ ਟਰੈਫਿਕ ਕੰਟਰੋਲ ਨਾਲੋਂ ਟੁੱਟ ਗਿਆ। ਜਹਾਜ਼ ਵਿਚ 227 ਯਾਤਰੀ ਅਤੇ 12 ਕਰੂ ਮੈਂਬਰ ਸਾਵਰ ਸਨ। ਇਹ ਹਾਦਸਾ ਬੋਇੰਗ 777 ਜਹਾਜ਼ ਕੰਪਨੀ ਅਤੇ ਮਲੇਸ਼ੀਆ ਏਅਰਲਾਈਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਹਾਦਸਾ ਸੀ। ਇਨ੍ਹਾਂ ‘ਚ 28 ਲੋਕ ਆਸਟਰੇਲੀਆ ਦੇ ਸਨ।

ਜਹਾਜ਼ ਦੀ ਖੋਜ ਲਈ ਐਵੀਏਸ਼ਨ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪਹਿਲਾ ਦੱਖਣੀ ਚੀਨ ਅਤੇ ਫਿਰ ਅੰਡੇਮਾਨ ਸਮੁੰਦਰ ਵਿਚ ਉਸ ਦੀ ਤਲਾਸ਼ ਕੀਤੀ ਗਈ। ਇਹ ਸਰਚ ਆਪ੍ਰੇਸ਼ਨ ਸਮੁੰਦਰ ਦੇ 1,20, 000 ਸਕੁਆਇਰ ਕਿਲੋਮੀਟਰ ਦੇ ਖੇਤਰਫਲ ਵਿਚ 3 ਸਾਲਾਂ ਤੱਕ ਚੱਲਿਆ ਪਰ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਸੇ ਕਾਰਨ 2017 ਵਿਚ ਇਹ ਸਰਚ ਆਪ੍ਰੇਸ਼ਨ ਬਿਨਾਂ ਕਿਸੇ ਸਫਲਤਾ ਤੋਂ ਬੰਦ ਕਰ ਦਿੱਤਾ ਗਿਆ। 2018 ਵਿਚ ਦੂਜੀ ਖੋਜ ਵੀ ਬਿਨਾਂ ਸਫਲਤਾ ਤੋਂ ਬੰਦ ਕਰ ਦਿੱਤੀ ਗਈ। ਇਸ ਦੌਰਾਨ ਸਮੁੰਦਰ 'ਚੋਂ ਕੁਝ ਮਲਬਾ ਜ਼ਰੂਰ ਮਿਲਿਆ, ਜਿਸ ਬਾਰੇ ਕਿਹਾ ਗਿਆ ਕਿ ਇਹ ਜਹਾਜ਼ ਦੇ ਹਿੱਸੇ ਹਨ ਪਰ ਇਸ ਬਾਰੇ ਵੀ ਕੋਈ ਪੁਸ਼ਟੀ ਨਹੀਂ ਹੋ ਸਕੀ ਅਤੇ ਐਮ. ਐਚ. 370 ਸਭ ਤੋਂ ਵੱਡਾ ਰਹੱਸ ਬਣ ਗਿਆ। ਅੱਜ ਵੀ ਸਿਰਫ ਅੰਦਾਜ਼ੇ ਹੀ ਹਨ ਕਿ ਜਹਾਜ਼ ਨਾਲ ਕੀ ਹੋਇਆ ਹੋ ਸਕਦਾ ਹੈ ਪਰ ਪੱਕਾ ਕੁਝ ਵੀ ਨਹੀਂ ਕਿਹਾ ਜਾ ਸਕਦਾ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਸ  ਹਾਦਸੇ ਵਿਚ ਮਾਰੇ ਗਏ। ਉਹ ਅੱਜ ਵੀ ਇਸੇ ਉਮੀਦ ਵਿਚ ਹਨ ਕਿ ਸ਼ਾਇਦ ਕੋਈ ਚਮਤਕਾਰ ਹੋ ਜਾਵੇ ਤੇ ਉਹ ਮੁੜ ਆਉਣ।


Related News