ਵਿਦੇਸ਼ੀ ਚੰਦਾ ਮਾਮਲੇ ’ਚ ਮਰੀਅਮ ਨੇ ਇਮਰਾਨ ਖਾਨ ਨੂੰ ਲਗਾਈ ਫਟਕਾਰ
Tuesday, Jan 11, 2022 - 07:33 PM (IST)
ਇਸਲਾਮਾਬਾਦ- ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਵਲੋਂ ਵਿਦੇਸ਼ੀ ਚੰਦੇ ਦੀ ਜਾਣਕਾਰੀ ਲੁਕਾਉਣਾ ਉਸਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਪਾਰਟੀ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ। ਚੋਣ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇਹ ਮੁੱਦਾ ਪਾਕਿਸਤਾਨ ਦੇ ਸਿਆਸੀ ਗਲੀਆਰਿਆਂ ਤੇ ਆਮ ਜਨਤਾ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸਦੇ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੂੰ ਰੱਜਕੇ ਫਟਕਾਰ ਲਗਾਈ।
ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੂੰ ਨਾਲਾਇਕ, ਗੈਰ-ਜ਼ਿੰਮੇਵਾਰ, ਭ੍ਰਿਸ਼ਟ ਚੋਰ ਦੱਸਦੇ ਹੋਏ ਕਿਹਾ ਕਿ ਵਿਦੇਸ਼ੀ ਫੰਡਿੰਗ ’ਤੇ ਚੋਣ ਕਮਿਸ਼ਨ ਦੀ ਰਿਪੋਰਟ ਨੇ 7 ਸਾਲ ਤੱਕ ਮਾਮਲੇ ਤੋਂ ਭੱਜਦੇ ਰਹੇ ਇਮਰਾਨ ਖਾਨ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨੇ ਇਮਰਾਨ ਖਾਨ ’ਤੇ ਅਮਰੀਕਾ, ਬ੍ਰਿਟੇਨ, ਕੈਨੇਡਾ, ਮੱਧ ਪੂਰਬ ਅਤੇ ਹੋਰ ਦੇਸ਼ਾਂ ਤੋਂ ਵਿਦੇਸ਼ੀ ਧਨ ਪ੍ਰਾਪਤ ਕਰਨ ਦਾ ਦੋਸ਼ ਲਗਾਇਆ। ਮਰੀਅਮ ਨਵਾਜ਼ ਨੇ ਕਿਹਾ ਕਿ ਨਾਲਾਇਕ ਇਮਰਾਨ ਖਾਨ ਵਿਦੇਸ਼ੀ ਨਾਜਾਇਜ਼ ਧਨ ਪ੍ਰਾਪਤ ਕਰਨ ਦੇ ਮੁੱਖ ਦਸਤਖਤਕਰਤਾ ਹਨ।
ਮਰੀਅਮ ਨਵਾਜ਼ ਨੇ ਦੋਸ਼ ਲਗਾਇਆ ਕਿ ਇਮਰਾਨ ਖਾਨ ਨੇ ਨਾ ਸਿਰਫ ਵਿਦੇਸ਼ੀ ਫੰਡਿੰਗ ਪ੍ਰਾਪਤ ਕੀਤੀ ਸਗੋਂ ਸਰਕਾਰ ਵਿਚ ਉਸਨੂੰ ਘੇਰਣ ਵਾਲੇ ਮਾਫੀਆ-ਆਟਾ ਮਾਫੀਆ, ਚੀਨੀ ਮਾਫੀਆ, ਪੈਟਰੋਲ ਮਾਫੀਆ ਨੂੰ ਵੀ ਸੁਰੱਖਿਆ ਦਿੱਤੀ। ਉਨ੍ਹਾਂ ਨੇ ਮੰਗ ਕੀਤੀ ਕਿ ਇਮਰਾਨ ਖਾਨ ਨੂੰ ਫੰਡਿੰਗ ਲੁਕਾਉਣ ਲਈ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਸੁਪਰੀਮ ਕੋਰਟ ਨੂੰ ਇਮਰਾਨ ਖਾਨ ਦੇ ਖਿਲਾਫ ਮੁਕੱਦਮਾ ਸ਼ੁਰੂ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਨਾਲ ਹੋਰ ਨਿਰਦੋਸ਼ ਲੋਕਾਂ ਨੂੰ ਸਜ਼ਾ ਕੀਤੀ ਗਈ, ਈ. ਸੀ. ਪੀ. ਅਤੇ ਨਿਆਂਪਾਲਿਕਾ ਨੂੰ ਇਮਰਾਨ ਖਾਨ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।