ਲਾਪਤਾ ਜਹਾਜ਼ ਐੱਮ. ਐੱਚ370 ਨੂੰ ਲੱਭਣ ਦੀਆਂ ਕੋਸ਼ਿਸ਼ਾਂ ਮੁੜ ਸ਼ੁਰੂ
Wednesday, Jan 24, 2018 - 05:50 PM (IST)

ਸਿਡਨੀ (ਭਾਸ਼ਾ)— ਕਈ ਸਾਲਾਂ ਦੀਆਂ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਲਾਪਤਾ ਜਹਾਜ਼ ਐੱਮ. ਐੱਚ370 ਨੂੰ ਲੱਭਣ ਲਈ ਇਕ ਵਾਰ ਫਿਰ ਤੋਂ ਹਿੰਦ ਮਹਾਸਾਗਰ ਦੇ ਦੂਰ-ਦੁਰਾਡੇ ਖੇਤਰਾਂ 'ਚ ਤਾਜ਼ਾ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਨਵੀਂ ਮੁਹਿੰਮ 'ਚ ਮਦਦ ਕਰਨ ਵਾਲੇ ਇਕ ਸੀਨੀਅਰ ਆਸਟ੍ਰੇਲੀਆਈ ਵਿਗਿਆਨੀ ਨੂੰ ਉਮੀਦ ਹੈ ਕਿ ਲਾਪਤਾ ਜਹਾਜ਼ ਕੁਝ ਹੀ ਹਫਤਿਆਂ ਦੇ ਅੰਦਰ ਮਿਲ ਸਕਦਾ ਹੈ।
ਸੋਮਵਾਰ ਨੂੰ ਛਾਣਬੀਨ ਕਰਨ ਵਾਲੀ ਇਕ ਨਿੱਜੀ ਫਰਮ ਓਸ਼ੀਅਨ ਇਨਫੀਨਿਟੀ ਵਲੋਂ ਸ਼ੁਰੂ ਕੀਤੀ ਗਈ ਇਸ ਤਲਾਸ਼ੀ ਮੁਹਿੰਮ 'ਚ ਹਵਾਬਾਜ਼ੀ ਖੇਤਰ ਦੇ ਸਭ ਤੋਂ ਵੱਡੇ ਰਹੱਸਾਂ ਦੇ ਸੁਲਝਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵੱਡੇ ਪੱਧਰ 'ਤੇ ਆਸਟ੍ਰੇਲੀਆ ਦੀ ਅਗਵਾਈ ਵਿਚ ਇਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜੋ ਹਵਾਬਾਜ਼ੀ ਇਤਿਹਾਸ ਦਾ ਸਭ ਤੋਂ ਵੱਡੀ ਤਲਾਸ਼ੀ ਮੁਹਿੰਮ ਸੀ, ਜੋ ਕਿ 28 ਮਹੀਨਿਆਂ ਤੱਕ ਚੱਲੀ ਸੀ। ਇਸ ਤਲਾਸ਼ੀ ਮੁਹਿੰਮ ਦੇ ਤਹਿਤ ਇਸ ਨੂੰ ਮਹਾਦੀਪ ਦੇ ਪੱਛਮੀ ਤੱਟ ਤੋਂ ਲੈ ਕੇ 1,20,000 ਵਰਗ ਕਿਲੋਮੀਟਰ ਤੱਕ ਦੇ ਖੇਤਰ ਨੂੰ ਕਵਰ ਕੀਤਾ ਗਿਆ ਸੀ ਪਰ ਇਸ ਦੌਰਾਨ ਜਹਾਜ਼ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਅਤੇ ਜਿਸ ਦੇ ਚੱਲਦੇ ਪਿਛਲੇ ਸਾਲ ਜਨਵਰੀ 'ਚ ਇਸ ਮੁਹਿੰਮ ਨੂੰ ਬੰਦ ਕਰ ਦਿੱਤਾ ਗਿਆ।
ਇੱਥੇ ਦੱਸ ਦੇਈਏ ਕਿ ਮਲੇਸ਼ੀਆ ਏਅਰਲਾਈਨਜ਼ ਫਲਾਈਟ 370 ਜੋ ਕਿ 8 ਮਾਰਚ 2014 'ਚ ਲਾਪਤਾ ਹੋ ਗਿਆ ਸੀ। ਇਸ ਜਹਾਜ਼ 'ਚ 239 ਯਾਤਰੀ ਸਵਾਰ ਸਨ। ਇਸ ਜਹਾਜ਼ ਨੇ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰੀ ਸੀ ਪਰ ਰਸਤੇ 'ਚੋਂ ਹੀ ਲਾਪਤਾ ਹੋ ਗਿਆ ਸੀ, ਅਜੇ ਤੱਕ ਇਸ ਜਹਾਜ਼ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।