ਮੈਕਸੀਕੋ ਨੇ ਸ਼ਰਨਾਰਥੀਆਂ ਨੂੰ ਕੀਤਾ ਗ੍ਰਿਫਤਾਰ

Tuesday, Nov 27, 2018 - 01:11 PM (IST)

ਮੈਕਸੀਕੋ ਨੇ ਸ਼ਰਨਾਰਥੀਆਂ ਨੂੰ ਕੀਤਾ ਗ੍ਰਿਫਤਾਰ

ਟਿਜੁਆਨਾ (ਭਾਸ਼ਾ)— ਮੈਕਸੀਕੋ ਨੇ ਟਿਜੁਆਨਾ ਵਿਚ ਵਾੜ ਨੂੰ ਪਾਰ ਕਰ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਕਈ ਸ਼ਰਨਾਰਥੀਆਂ ਨੂੰ ਗ੍ਰਿਫਤਾਰ ਕਰ ਕੇ ਦੇਸ਼ ਨਿਕਾਲਾ ਦੇ ਦਿੱਤਾ। ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਵੀ ਛੱਡੀਆਂ ਗਈਆਂ ਸਨ। ਕਰੀਬ 5,000 ਸ਼ਰਨਾਰਥੀ ਅਮਰੀਕਾ ਵਿਚ ਦਾਖਲ ਹੋਣ ਲਈ ਟਿਜੁਆਨਾ ਵਿਚ ਇਕੱਠੇ ਹੋਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਹੋਂਡੁਰਾਸ ਦੇ ਹਨ। ਇਨ੍ਹਾਂ ਵਿਚ ਪੁਰਸ਼, ਔਰਤਾਂ ਤੇ ਬੱਚਿਆਂ ਸਮੇਤ ਕਰੀਬ 5,000 ਲੋਕਾਂ ਨੇ ਐਤਵਾਰ ਨੂੰ ਵਾੜ 'ਤੇ ਚੜ੍ਹ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। 

ਗਸ਼ਤੀ ਦਲ ਦੇ ਪ੍ਰਮੁੱਖ ਏਜੰਟ ਰੌਡਨੀ ਸਕੌਟ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਕਈ ਸ਼ਰਨਾਰਥੀਆਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਵਿਚੋਂ 42 ਨੂੰ ਗ੍ਰਿਫਤਾਰ ਕੀਤਾ ਗਿਆ। ਮੈਕਸੀਕੋ ਦੀ ਰਾਸ਼ਟਰੀ ਪ੍ਰਵਾਸੀ ਸੰਸਥਾ ਦੇ ਕਮਿਸ਼ਨਰ ਜੇਰਾਰਡੋ ਗਾਰਸੀਆ ਨੇ ਆਪਣੇ ਦੇਸ਼ ਵੱਲੋਂ 98 ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਫਲੇ ਵਿਚ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਲਈ ਉਕਸਾਇਆ ਸੀ। ਕੱਲ ਕੈਲੀਫੋਰਨੀਆ ਦੇ ਸੈਨ ਡਿਏਗੋ ਵਿਚ ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ (ਸੀ.ਬੀ.ਪੀ.) ਦਫਤਰ ਨੇ ਦੱਸਿਆ ਸੀ ਕਿ ਘਟਨਾ ਦੇ ਬਾਅਦ ਸੈਨ ਸਿਦਰੋ ਸਰਹੱਦ ਚੌਕੀ ਨੂੰ ਉੱਤਰ ਅਤੇ ਦੱਖਣ ਦੋਹੀਂ ਪਾਸੀਂ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। 'ਸੈਨ ਸਿਦਰੋ ਸੀਮਾ ਚੌਕੀ' ਅਮਰੀਕਾ ਤੇ ਮੈਕਸੀਕੋ ਸੀਮਾ 'ਤੇ ਸਥਿਤ ਸਭ ਤੋਂ ਬਿੱਜੀ ਕ੍ਰਾਸਿੰਗ ਹੈ।


author

Vandana

Content Editor

Related News