ਮੈਕਸੀਕੋ ''ਚ 1 ਦਿਨ ਵਿਚ ਕੋਰੋਨਾ ਦੇ 2414 ਮਾਮਲੇ ਆਏ ਸਾਹਮਣੇ

Tuesday, May 19, 2020 - 04:03 PM (IST)

ਮੈਕਸੀਕੋ ''ਚ 1 ਦਿਨ ਵਿਚ ਕੋਰੋਨਾ ਦੇ 2414 ਮਾਮਲੇ ਆਏ ਸਾਹਮਣੇ

ਮੈਕਸੀਕੋ (ਵਾਰਤਾ) : ਮੈਕਸੀਕੋ 'ਚ ਸਿਹਤ ਅਧਿਕਾਰੀਆਂ ਨੇ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਤੇਜੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਮਹਾਮਾਰੀ ਦੇ 2414 ਮਾਮਲਿਆਂ ਅਤੇ 155 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੈਕਸੀਕੋ ਵਿਚ ਪਿਛਲੇ ਸ਼ੁੱਕਰਵਾਰ ਨੂੰ ਕੋਵਿਡ-19 ਵਾਇਰਸ ਦੇ 2437 ਮਾਮਲੇ ਸਾਹਮਣੇ ਆਏ ਸਨ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਹਫਤੇ ਦੇ ਆਖੀਰ ਵਿਚ ਵਾਇਰਸ ਦਾ ਦੈਨਿਕ ਅੰਕੜਾ 2000 ਤੋਂ ਕੁੱਝ ਜ਼ਿਆਦਾ ਰਿਹਾ। ਦੇਸ਼ ਵਿਚ ਸੋਮਵਾਰ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 49219 'ਤੇ ਪਹੁੰਚ ਗਈ ਹੈ ਅਤੇ 5177 ਲੋਕਾਂ ਦੀ ਮੌਤ ਹੋਈ।

ਮੈਕਸੀਕੋ ਦੇ ਉਪ-ਸਿਹਤ ਅਧਿਕਾਰੀ ਹਿਊਗੋ ਲੋਪੇਜ-ਗੈਟੇਲ ਨੇ ਮੰਗਲਵਾਰ ਨੂੰ ਕਿਹਾ, '28 ਫਰਵਰੀ ਤੋਂ ਹੁਣ ਤੱਕ ਦੇਸ਼ ਵਿਚ ਕੋਰੋਨਾ ਦੇ 51633 ਮਰੀਜਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਮਹਾਮਾਰੀ ਦੇ ਸਰਗਰਮ ਪੜਾਅ ਵਿਚ ਪਿਛਲੇ 14 ਦਿਨਾਂ ਵਿਚ 11300 ਲੋਕਾਂ ਵਿਚ ਵਾਇਰਸ ਦੇ ਲੱਛਣ ਸਾਹਮਣੇ ਆਏ ਹਨ।' ਸਿਹਤ ਅਧਿਕਾਰੀ ਮੁਤਾਬਕ ਮੈਕਸੀਕੋ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 155 ਲੋਕਾਂ ਦੀ ਮੌਤ ਹੋਣ ਨਾਲ ਹੀ ਇਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 5332 ਹੋ ਗਈ ਹੈ। ਇਸ ਵਿਚ ਕੋਰੋਨਾ ਦੇ 656 ਸ਼ੱਕੀ ਮਾਮਲੇ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੁੱਲ 26933 ਸ਼ੱਕੀ ਮਾਮਲੇ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਕੁੱਲ 177133 ਲੋਕਾਂ ਦਾ ਟੈਸਟ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸਰਕਾਰ ਨੇ ਦੇਸ਼ ਦੇ ਕਰੀਬ 200 ਖੇਤਰਾਂ ਵਿਚ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕੀਤੀ, ਜਦਕਿ ਕਈ ਹੋਰ ਖੇਤਰਾਂ ਵਿਚ ਲਾਕਡਾਊਨ ਵਧਾਇਆ ਗਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਅਗਲੇ ਹਫਤੇ ਮਹਾਮਾਰੀ ਦੀ ਸਥਿਤੀ ਵਿਚ ਸੁਧਾਰ ਹੋਵੇਗਾ।


author

cherry

Content Editor

Related News