ਸਕਾਟਲੈਂਡ ''ਚ ਮੌਸਮ ਵਿਭਾਗ ਨੇ ਦਿੱਤੀ ਭਾਰੀ ਬਰਫਬਾਰੀ ਦੀ ਚਿਤਾਵਨੀ

01/13/2021 1:55:22 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇਸ ਸਾਲ ਸਕਾਟਲੈਂਡ ਵਿਚ ਬਰਫਬਾਰੀ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਮੌਸਮ ਦੇ ਚੱਲਦਿਆਂ ਮੌਸਮ ਵਿਭਾਗ ਨੇ ਸਕਾਟਲੈਂਡ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਅਤੇ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਦੁਆਰਾ ਜਾਰੀ "ਸਾਵਧਾਨ ਰਹੋ" ਦੀ ਚਿਤਾਵਨੀ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਵੀਰਵਾਰ ਰਾਤ ਦੇ 9 ਵਜੇ ਤੱਕ ਦਿੱਤੀ ਗਈ ਹੈ।

ਮੌਸਮੀ ਮਾਹਿਰਾਂ ਵੱਲੋਂ ਭਾਰੀ ਬਰਫਬਾਰੀ ਡਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਖ਼ਤਰਨਾਕ ਸਥਿਤੀਆਂ ਪੈਦਾ ਕਰ ਸਕਦੀ ਹੈ। ਸਕਾਟਲੈਂਡ ਵਿਚ ਬੁੱਧਵਾਰ ਨੂੰ ਬਰਫ ਪੈਣ ਦੀ ਭਵਿੱਖਬਾਣੀ ਅਨੁਸਾਰ 100 ਮੀਟਰ (328 ਫੁੱਟ) ਦੀ ਉਚਾਈ ਵਾਲੇ ਸਥਾਨਾਂ 'ਤੇ 10 ਸੈਂਟੀਮੀਟਰ (4 ਇੰਚ) ਜਦਕਿ ਇਸ ਤੋਂ ਵੀ ਉੱਪਰ ਵਾਲੇ ਖੇਤਰਾਂ ਵਿਚ 20 ਸੈਂਟੀਮੀਟਰ (7 ਇੰਚ) ਤੱਕ ਬਰਫ ਜਮ੍ਹਾ ਹੋ ਸਕਦੀ ਹੈ। 

ਸਕਾਟਿਸ਼ ਬਾਰਡਰ ਕੌਂਸਲ ਨੇ ਕਿਹਾ ਕਿ ਇਸ ਮੌਸਮ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਸਵੇਰ ਤੱਕ ਸੜਕ ਨੈੱਟਵਰਕ ਅਤੇ ਹੋਰ ਕੰਮਾਂ ਵਿਚ ਵਿਘਨ ਪੈਦਾ ਹੋ ਸਕਦੇ ਹਨ। ਸਕਾਟਲੈਂਡ ਦੇ ਕੁੱਝ ਹਿੱਸਿਆਂ ਨੇ ਮਹੀਨੇ ਦੇ ਸ਼ੁਰੂ ਵਿਚ ਬਰਫੀਲੀ ਸਥਿਤੀ ਦਾ ਅਨੁਭਵ ਕੀਤਾ ਹੈ ਜਦਕਿ ਹਾਈਲੈਂਡਜ਼ ਦੇ ਹਿੱਸੇ ਜਿਵੇਂ ਕਿ ਇਨਵਰਨੇਸ ਵਿਚ ਸੋਮਵਾਰ ਨੂੰ ਭਾਰੀ ਬਰਫਬਾਰੀ ਹੋਈ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕੇ ਕੇਰਨਗਰਮਜ਼ 'ਚ ਵੀਬਰਫਬਾਰੀ ਹੋਈ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਯੂ. ਕੇ. 'ਚ ਸਰਦੀਆਂ ਦੀ ਸਭ ਤੋਂ ਠੰਡੀ ਰਾਤ ਨੂੰ ਉੱਤਰ-ਪੱਛਮੀ ਹਾਈਲੈਂਡਜ਼ ਵਿਚ -12.3 ਡਿਗਰੀ ਤਾਪਮਾਨ ਨਾਲ ਦਰਜ ਕੀਤਾ ਗਿਆ ਹੈ ਜਦਕਿ ਯੂ. ਕੇ ਵਿਚ ਰਿਕਾਰਡ ਸਭ ਤੋਂ ਘੱਟ ਤਾਪਮਾਨ -27.2C ਹੈ, ਜੋ ਕਿ 1895 ਅਤੇ 1982 ਵਿਚ ਬ੍ਰੈਮਰ, ਅਬਰਡੀਨਸ਼ਾਇਰ ਵਿਚ ਅਤੇ 1995 "ਚ ਅਲਟਨਹਰਾ ਖੇਤਰਾਂ ਵਿਚ ਦਰਜ ਕੀਤਾ ਗਿਆ ਸੀ।


Lalita Mam

Content Editor

Related News