Meta ਨੇ ਹਟਾ’ਤੇ 23,000 Facebook ਅਕਾਊਂਟਸ! ਜਾਣੋ ਕੀ ਹੈ ਵਜ੍ਹਾ
Thursday, May 08, 2025 - 04:41 PM (IST)

ਗੈਜੇਟ ਡੈਸਕ - ਮੈਟਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਨਿਵੇਸ਼ ਦੇ ਨਾਮ 'ਤੇ ਲੋਕਾਂ ਨਾਲ ਧੋਖਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਕੰਪਨੀ ਨੇ ਕਿਹਾ ਕਿ ਉਸ ਨੇ 23,000 ਤੋਂ ਵੱਧ ਜਾਅਲੀ ਖਾਤੇ ਅਤੇ ਪੰਨੇ ਹਟਾ ਦਿੱਤੇ ਹਨ ਜੋ ਭਾਰਤ ਅਤੇ ਬ੍ਰਾਜ਼ੀਲ ਦੇ ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਸਨ। ਇਨ੍ਹਾਂ ਘੁਟਾਲੇਬਾਜ਼ਾਂ ਨੇ ਲੋਕਾਂ ਨੂੰ ਧੋਖਾ ਦੇਣ ਲਈ ਮਸ਼ਹੂਰ ਯੂਟਿਊਬਰਾਂ, ਕ੍ਰਿਕਟਰਾਂ ਅਤੇ ਵਪਾਰਕ ਸ਼ਖਸੀਅਤਾਂ ਦੇ ਨਕਲੀ ਵੀਡੀਓ (ਡੀਪਫੇਕ) ਬਣਾਏ। ਇਨ੍ਹਾਂ ਵੀਡੀਓਜ਼ ’ਚ, ਇਹ ਦਿਖਾਇਆ ਗਿਆ ਸੀ ਕਿ ਇਹ ਲੋਕ ਕੁਝ ਨਿਵੇਸ਼ ਐਪਸ ਅਤੇ ਜੂਏ ਦੀਆਂ ਵੈੱਬਸਾਈਟਾਂ ਦਾ ਪ੍ਰਚਾਰ ਕਰ ਰਹੇ ਸਨ।
ਪਹਿਲਾਂ, ਲੋਕਾਂ ਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ 'ਜਲਦੀ ਪੈਸੇ ਕਮਾਓ' ਦੀਆਂ ਪੇਸ਼ਕਸ਼ਾਂ ਦਿਖਾਈਆਂ ਗਈਆਂ। ਫਿਰ ਉਨ੍ਹਾਂ ਨੂੰ ਚੈਟਿੰਗ ਐਪਸ (ਜਿਵੇਂ ਕਿ ਵਟਸਐਪ ਜਾਂ ਟੈਲੀਗ੍ਰਾਮ) ਵੱਲ ਨਿਰਦੇਸ਼ਿਤ ਕੀਤਾ ਗਿਆ ਅਤੇ ਨਿਵੇਸ਼ ਕਰਨ ਦੀ ਸਲਾਹ ਦਿੱਤੀ ਗਈ। ਇਸ ਤੋਂ ਬਾਅਦ, ਉਨ੍ਹਾਂ ਨੂੰ ਇਕ ਜਾਅਲੀ ਵੈੱਬਸਾਈਟ 'ਤੇ ਰੀਡਾਇਰੈਕਟ ਕੀਤਾ ਗਿਆ ਜੋ ਗੂਗਲ ਪਲੇ ਸਟੋਰ ਵਰਗੀ ਦਿਖਾਈ ਦਿੰਦੀ ਸੀ, ਜਿੱਥੋਂ ਉਨ੍ਹਾਂ ਨੂੰ ਜੂਆ ਜਾਂ ਜਾਅਲੀ ਨਿਵੇਸ਼ ਐਪਸ ਡਾਊਨਲੋਡ ਕਰਨ ਲਈ ਕਿਹਾ ਗਿਆ।
ਇਸ ਦੌਰਾਨ ਮੈਟਾ ਨੇ ਕਿਹਾ, ‘ਇਹ ਘੁਟਾਲੇਬਾਜ਼ ਲੋਕਾਂ ਨੂੰ ਕ੍ਰਿਪਟੋਕਰੰਸੀ, ਸਟਾਕ ਮਾਰਕੀਟ ਜਾਂ ਰੀਅਲ ਅਸਟੇਟ ਵਰਗੀਆਂ ਜਾਅਲੀ ਸਕੀਮਾਂ ’ਚ ਨਿਵੇਸ਼ ਕਰਨ ਲਈ ਲੁਭਾਉਂਦੇ ਹਨ, ਵੱਡੇ ਰਿਟਰਨ ਦਾ ਵਾਅਦਾ ਕਰਦੇ ਹਨ।’ ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਕਿ 'ਫੇਸਬੁੱਕ ਮਾਰਕੀਟਪਲੇਸ' 'ਤੇ ਬਹੁਤ ਸਾਰੇ ਘੁਟਾਲੇਬਾਜ਼ ਵੀ ਸਰਗਰਮ ਸਨ, ਜੋ ਆਪਣੇ ਆਪ ਨੂੰ ਅਸਲੀ ਵੇਚਣ ਵਾਲੇ ਦਿਖਾ ਕੇ ਲੋਕਾਂ ਤੋਂ ਪੇਸ਼ਗੀ ਭੁਗਤਾਨ ਮੰਗਦੇ ਸਨ। ਇਕ ਚਾਲ ’ਚ, ਘੁਟਾਲੇਬਾਜ਼ ਜਾਣਬੁੱਝ ਕੇ ਕਿਸੇ ਚੀਜ਼ ਲਈ ਹੋਰ ਪੈਸੇ ਭੇਜਦੇ ਹਨ ਅਤੇ ਫਿਰ ਰਿਫੰਡ ਮੰਗਦੇ ਹਨ। ਬਾਅਦ ’ਚ, ਉਹ ਅਸਲ ਭੁਗਤਾਨ ਨੂੰ ਰੱਦ ਕਰ ਦਿੰਦੇ ਹਨ ਅਤੇ ਦੋਵੇਂ ਰਕਮਾਂ ਲੈ ਕੇ ਭੱਜ ਜਾਂਦੇ ਹਨ।
ਹਾਲਾਂਕਿ ਮੈਟਾ ਨੇ ਕਿਹਾ ਕਿ ਉਹ ਹੁਣ ਆਪਣੇ ਪਲੇਟਫਾਰਮ 'ਤੇ 'ਚੌਕਸੀ ਵਧਾ ਰਿਹਾ ਹੈ। ਜੇਕਰ ਕੋਈ ਖਾਤਾ ਸ਼ੱਕੀ ਲੱਗਦਾ ਹੈ ਜਾਂ ਕੋਈ ਯੂਜ਼ਰ ਡਿਲੀਵਰੀ ਤੋਂ ਪਹਿਲਾਂ ਭੁਗਤਾਨ ਮੰਗਦਾ ਹੈ, ਤਾਂ ਯੂਜ਼ਰ ਨੂੰ ਇਕ ਚਿਤਾਵਨੀ ਦਿਖਾਈ ਜਾਵੇਗੀ। ਨਾਲ ਹੀ, ਕੰਪਨੀ ਹੁਣ ਮਸ਼ਹੂਰ ਹਸਤੀਆਂ ਦੇ ਨਾਮ 'ਤੇ ਚੱਲ ਰਹੇ ਘੁਟਾਲਿਆਂ ਨੂੰ ਫੜਨ ਲਈ ਚਿਹਰੇ ਦੀ ਪਛਾਣ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ। ਇਹ ਪਛਾਣ ਪ੍ਰਕਿਰਿਆ ਵਿਕਲਪਿਕ ਹੈ, ਭਾਵ ਕਿ ਯੂਜ਼ਰ ਇਸ ਨੂੰ ਆਪਣੀ ਮਰਜ਼ੀ ਨਾਲ ਚਾਲੂ ਕਰ ਸਕਦੇ ਹਨ।
ਮੈਟਾ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੀਆਂ ਕਈ ਏਜੰਸੀਆਂ ਜਿਵੇਂ ਕਿ ਦੂਰਸੰਚਾਰ ਵਿਭਾਗ (DoT), ਖਪਤਕਾਰ ਮਾਮਲਿਆਂ ਦਾ ਵਿਭਾਗ (DoCA) ਅਤੇ ਭਾਰਤੀ ਸਾਈਬਰ ਅਪਰਾਧ ਕੇਂਦਰ (I4C) ਨਾਲ ਕੰਮ ਕਰ ਰਿਹਾ ਹੈ ਤਾਂ ਜੋ ਆਨਲਾਈਨ ਸੁਰੱਖਿਆ ਅਤੇ ਡਿਜੀਟਲ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਕੰਪਨੀ ਨੇ ਘੁਟਾਲਿਆਂ ਨਾਲ ਨਜਿੱਠਣ ਲਈ ਦੇਸ਼ ਦੇ 7 ਰਾਜਾਂ ’ਚ ਪੁਲਸ ਅਤੇ ਹੋਰ ਅਧਿਕਾਰੀਆਂ ਲਈ ਸਿਖਲਾਈ ਵਰਕਸ਼ਾਪਾਂ ਵੀ ਆਯੋਜਿਤ ਕੀਤੀਆਂ ਹਨ।