ਇਟਲੀ ''ਚ ਇਨਕਲਾਬੀ ਸ਼ਹੀਦਾਂ ਦੀ ਯਾਦ ''ਚ ਸਮਾਗਮ 25 ਨੂੰ
Tuesday, Feb 06, 2018 - 07:57 AM (IST)

ਮਿਲਾਨ, (ਸਾਬੀ ਚੀਨੀਆ)— ਅਗਾਂਹਵਧੂ ਲੋਕ ਮੰਚ ਇਟਲੀ ਵੱਲੋਂ ਸ਼ਹੀਦ-ਏ-ਆਜ਼ਮ ਸ:ਭਗਤ ਸਿੰਘ ,ਰਾਜਗੁਰੂ ,ਸੁਖਦੇਵ ਅਤੇ ਸਮੁੱਚੇ ਇਨਕਲਾਬੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੇਸ਼-ਭਗਤੀ ਦਾ ਸਮਾਗਮ ਮਿਤੀ 25 ਮਾਰਚ ਨੂੰ ਇਟਲੀ ਦੇ ਸ਼ਹਿਰ ਸੁਜਾਰਾ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੌਰਾਨ ਜਿੱਥੇ ਲੋਕਲ ਬੁਲਾਰੇ ਦੇਸ਼-ਭਗਤੀ ਅਤੇ ਚਲੰਤ ਮਸਲਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਨਗੇ, ਉੱਥੇ ਨਾਲੋ-ਨਾਲ ਦੇਸ਼-ਭਗਤੀ ਨੂੰ ਪ੍ਰਗਟਾਉਂਦੇ ਨਾਟਕ, ਕੋਰਿਓਗ੍ਰਾਫੀ, ਬੱਚਿਆਂ ਵੱਲੋਂ ਪ੍ਰੋਗਰਾਮ ਅਤੇ ਮੈਜੀਕਲ ਟਰਿੱਕ ਆਦਿ ਪੇਸ਼ ਕੀਤੇ ਜਾਣਗੇ।
ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਕੌਮੀ ਕਵਿਤਾਵਾਂ ਅਤੇ ਗੀਤ ਵੀ ਸਮਾਗਮ ਦਾ ਹਿੱਸਾ ਹੋਣਗੇ। ਇਹ ਸਮਾਗਮ 25 ਮਾਰਚ ਦਿਨ ਐਤਵਾਰ ਨੂੰ ਦੁਪਿਹਰ 2 ਵਜੇ ਤੋਂ 6 ਵਜੇ ਤੱਕ ਚੱਲੇਗਾ। ਇਟਲੀ ਦੇ ਸਕੂਲਾਂ ਵਿੱਚ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਦਾ ਇਸ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਚ ਇਸ ਸੰਬੰਧੀ ਬਹੁਤ ਉਤਸ਼ਾਹ ਹੈ। ਇਸ ਸੰਬੰਧੀ ਸਕੂਲ 'ਚ ਤਿਆਰੀਆਂ ਚੱਲ ਰਹੀਆਂ ਹਨ।