ਮੈਲਬੌਰਨ ''ਚ ਵਾਪਰੇ ਖੂਨੀ ਕਾਂਡ ਤੋਂ ਬਾਅਦ ਵਿਕਟੋਰੀਆ ਸਰਕਾਰ ਨੇ ਕੀਤਾ ਐਲਾਨ, ਬਦਲੇ ਜਾਣਗੇ ਜ਼ਮਾਨਤ ਸੰਬੰਧੀ ਕਾਨੂੰਨ

01/23/2017 4:08:20 PM

ਮੈਲਬੌਰਨ— ਵਿਕਟੋਰੀਆ ਸਰਕਾਰ ਦਾ ਕਹਿਣਾ ਹੈ ਕਿ ਸੂਬੇ ''ਚ ਜ਼ਮਾਨਤ ਸੰਬੰਧੀ ਕਾਨੂੰਨਾਂ ਨੂੰ ਬਦਲਿਆ ਜਾਵੇਗਾ। ਸਰਕਾਰ ਨੇ ਇਹ ਫੈਸਲਾ ਪਿਛਲੇ ਦਿਨੀਂ ਰਾਜਧਾਨੀ ਮੈਲਬੌਰਨ ''ਚ ਵਾਪਰੇ ਖੂਨੀ ਕਾਂਡ ਤੋਂ ਬਾਅਦ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਵਿਅਕਤੀ ਨੇ ਆਪਣੀ ਕਾਰ ਸ਼ਹਿਰ ਦੇ ਬੁਰਕੇ ਸਟਰੀਟ ਮਾਲ ਖੇਤਰ ''ਚ ਪੈਦਲ ਜਾ ਰਹੇ ਲੋਕਾਂ ''ਤੇ ਚੜ੍ਹਾ ਦਿੱਤੀ ਸੀ। ਇਸ ਹਾਦਸੇ ''ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦਰਜਨਾਂ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ''ਚੋਂ ਕਈਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। 
26 ਸਾਲਾ ਦੋਸ਼ੀ ਜੇਮਜ਼ ਗਾਰਗਾਸੋਲਸ ਉਰਫ ਜਿੰਮੀ ਦੇ ਸੰਬੰਧ ''ਚ ਪੁਲਸ ਅਧਿਕਾਰੀਆਂ ਕਹਿਣਾ ਹੈ ਕਿ ਪੂਰੇ ਘਟਨਾ ਚੱਕਰ ਨੂੰ ਅੰਜਾਮ ਦੇਣ ਤੋਂ ਪੰਜ ਦਿਨ ਪਹਿਲਾਂ ਉਹ ਜ਼ਮਾਨਤ ''ਤੇ ਰਿਹਾਅ ਹੋਇਆ ਸੀ। ਹਾਲਾਂਕਿ ਉਸ ਦੀ ਜ਼ਮਾਨਤ ਦਾ ਪੁਲਸ ਵਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਅੱਤਵਾਦੀ ਸੰਗਠਨ ਨਾਲ ਨਹੀਂ ਜੁੜਿਆ ਹੋਇਆ ਹੈ। ਜ਼ਮਾਨਤ ਸੰਬੰਧੀ ਨਵੇਂ ਕਾਨੂੰਨਾਂ ਦੇ ਬਾਰੇ ''ਚ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਪੂਰੇ ਜ਼ਮਾਨਤ ਪ੍ਰਬੰਧ ਦੀ ਸਮੀਖਿਆ ਵਿਕਟੋਰੀਆ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਪਾਲ ਕੋਗਹੈਲਨ ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜ਼ਮਾਨਤ ਸਿਸਟਮ ਦੇ ਹਰ ਤੱਤ ਨੂੰ ਕਰੀਬ ਤੋਂ ਦੇਖਣ ਦੀ ਲੋੜ ਹੈ। ਅਜਿਹਾ ਕਰਕੇ ਹੀ ਅਸੀਂ ਪੂਰੇ ਵਿਕਟੋਰੀਆ ਨੂੰ ਸੁਰੱਖਿਅਤ ਰੱਖ ਸਕਦੇ ਹਾਂ।

Related News