ਮੈਲਬੌਰਨ ਦੇ ਫੈਡਰੇਸ਼ਨ ਸਕੁਆਇਰ ਵਿਖੇ ਮਨਾਈ ਜਾਵੇਗੀ ਵਿਸਾਖੀ

04/26/2018 1:04:35 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਤਿਉਹਾਰ 28 ਅਪ੍ਰੈਲ 2018 ਨੂੰ ਮੈਲਬੌਰਨ ਸ਼ਹਿਰ ਦੇ ਫੈਡਰੇਸ਼ਨ ਸਕੁਆਇਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ, ਖਾਲਸਾ ਐਜੂਕੇਸ਼ਨ ਸੋਸਾਇਟੀ ਅਤੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਕੀਰਤਨ ਅਤੇ ਗਤਕਾ ਆਦਿ ਕਰਵਾਇਆ ਜਾ ਰਿਹਾ ਹੈ।
ਮਲੇਸ਼ੀਆ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਸ੍ਰੀ ਦਸ਼ਮੇਸ਼ ਸਿੱਖ ਪਾਈਪ ਬੈਂਡ ਆਪਣੇ 35 ਮੈਂਬਰੀ ਦਲ ਨਾਲ ਪਹਿਲੀ ਵਾਰ ਮੈਲਬੌਰਨ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡੀਰੂਜ਼, ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਸ਼ੈਡੋ ਮੰਤਰੀ ਇੰਗਾ ਪਿਉਲਿਚ ਸਮੇਤ ਸੂਬੇ ਦੇ ਉੱਚ ਸਰਕਾਰੀ ਅਤੇ ਪ੍ਰਸ਼ਾਸਨਕ ਅਧਿਕਾਰੀ ਇਸ ਵਿਸਾਖੀ ਸਮਾਗਮ 'ਚ ਹਾਜ਼ਰੀ ਭਰਨਗੇ। 
ਇਸ ਮੌਕੇ ਸ਼ਬਦ ਕੀਰਤਨ, ਦਸਤਾਰ ਪ੍ਰਦਰਸ਼ਨੀ, ਨਾਟਕ ਅਤੇ ਹੋਰ ਧਾਰਮਿਕ ਵੰਨਗੀਆਂ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਵਿਰਾਸਤ ਨਾਲ ਜੋੜਨਗੀਆਂ। ਵਿਸ਼ਵ ਜੰਗਾਂ ਵਿਚ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਿੱਖ ਫੌਜੀਆਂ ਦੀ ਯਾਦ ਵਿਚ ਤਸਵੀਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।


Related News