ਮੈਲਬੌਰਨ ''ਚ ਮਨਾਇਆ ਗਿਆ ''ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ''
Monday, Feb 22, 2021 - 05:56 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ): ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ, ਪੰਜਾਬੀ ਪ੍ਰੈੱਸ ਕਲੱਬ ਮੈਲਬੌਰਨ ਅਤੇ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਸਾਂਝੇ ਸਹਿਯੋਗ ਨਾਲ ਗੁਰਦੁਆਰਾ ਕਰੇਗੀਬਰਨ ਵਿਖੇ 'ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ' ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਸਰੋਤਿਆਂ ਨਾਲ ਮੁਖ਼ਾਤਿਬ ਹੁੰਦੇ ਦੱਸਿਆ ਕਿ ਪੰਜਾਬੀ ਬੋਲੀ ਪੀਰ ਪੈਗੰਬਰਾਂ ਅਤੇ ਗੁਰੂਆਂ ਵੱਲੋਂ ਬਖ਼ਸ਼ੀ ਹੋਈ ਮਹਾਨ ਨਿਆਮਤ ਹੈ।ਇਸ ਨੂੰ ਜਿਊਂਦਾ ਰੱਖਣ ਲਈ ਸਾਰਥਕ ਯਤਨ ਹੋਣੇ ਚਾਹੀਦੇ ਹਨ।
ਜਨਰਲ ਸਕੱਤਰ ਗੁਰਦੀਪ ਸਿੰਘ ਮਠਾਰੂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਇਲਾਵਾ ਹੋਰ ਬੋਲੀਆਂ ਵਿੱਚ ਵੀ ਪ੍ਰਪੱਕਤਾ ਹਾਸਲ ਕਰਨੀ ਚਾਹੀਦੀ ਹੈ ਤਾਂ ਕਿ ਹੋਰ ਭਾਈਚਾਰਿਆਂ ਵਿੱਚ ਪੰਜਾਬੀ ਬੋਲੀ ਦਾ ਬਿਹਤਰ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ। ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਸਜੀਵ ਰੱਖਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀਡ਼੍ਹੀਆਂ ਇਸ ਤੋਂ ਸੇਧ ਲੈ ਸਕਣ।ਇਸ ਮੌਕੇ ਛੋਟੇ ਬੱਚਿਆਂ ਨੇ ਪੈਂਤੀ ਅਤੇ ਸ਼ਬਦ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ।
ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ 'ਚ ਜੁੰਟਾ ਦੀ ਧਮਕੀ ਦੇ ਬਾਵਜੂਦ ਸੜਕਾਂ 'ਤੇ ਉਤਰੇ ਲੋਕ
ਇਹ ਦਿਹਾੜਾ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਤ ਸੀ ਅਤੇ ਇਸ ਮੌਕੇ ਭਾਰਤੀ ਹਕੂਮਤ ਦੇ ਤਾਨਾਸ਼ਾਹੀ ਰਵੱਈਏ 'ਤੇ ਵੀ ਚਿੰਤਾ ਪ੍ਰਗਟ ਕੀਤੀ ਗਈ।ਕੋਰੋਨਾ ਹਦਾਇਤਾਂ ਕਰਕੇ ਦਰਸ਼ਕਾਂ ਦੀ ਗਿਣਤੀ ਸੀਮਤ ਸੀ ਪਰ ਕੁੱਲ ਮਿਲਾ ਕੇ ਇਹ ਸਮਾਗਮ ਬਹੁਤ ਪ੍ਰਭਾਵਸ਼ਾਲੀ ਰਿਹਾ। ਮੰਚ ਸੰਚਾਲਨ ਦੀ ਸੇਵਾ ਸੁਖਜੀਤ ਸਿੰਘ ਔਲਖ ਵੱਲੋਂ ਬਾਖੂਬੀ ਨਿਭਾਈ ਗਈ।