ਬ੍ਰਿਸਬੇਨ ''ਚ ਆਯੋਜਿਤ ਕੀਤਾ ਗਿਆ ''ਮੇਲਾ ਤੀਆਂ ਦਾ''
Tuesday, Sep 21, 2021 - 05:19 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਬ੍ਰਿਸਬੇਨ ਯੂਥ ਕਲੱਬ ਵੱਲੋਂ ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ‘ਮੇਲਾ ਤੀਆਂ ਦਾ’ ਐਸਪਲੀ ਸਟੇਟ ਸਕੂਲ ਦੇ ਹਾਲ ਵਿਚ ਕਰਵਾਇਆ ਗਿਆ। ਮੇਲੇ ’ਚ ਪੁਰਾਤਨ ਪੰਜਾਬੀ ਸੱਭਿਆਚਾਰਕ ਰੰਗ ਵਿਚ ਸੱਜ-ਧੱਜ ਦੇ ਧੀਆਂ-ਧਿਆਣੀਆਂ, ਮਾਤਾਵਾਂ ਤੇ ਸੱਜ–ਵਿਆਹੀਆਂ ਮੁਟਿਆਰਾਂ ਵੱਲੋਂ ਇਕੱਠੇ ਹੋ ਕੇ ਗਿੱਧਾ-ਭੰਗੜਾਂ, ਬੋਲੀਆਂ, ਸਿੱਠਣੀਆਂ, ਸੰਮੀ, ਕਿੱਕਲੀ, ਮਲਵਾਈ ਗਿੱਧਾ ਤੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ।
ਮੇਲੇ ਵਿਚ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ “ਨਮਸਤੇ ਇੰਡੀਆ“ ਰੈਸਟੋਰੈਂਟ ਵੱਲੋਂ ਕੀਤੇ ਗਏ। ਸੱਭਿਆਚਾਰਕ ਤੇ ਸਾਹਿਤਕ ਵੰਨਗੀਆਂ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੌਕੇ ਪਿੰਕੀ ਸਿੰਘ, ਕੌਂਸਲਰ ਟਰੇਸੀ ਡੇਵਿਸ, ਕੌਂਸਲਰ ਫਿਉਨਾ ਹੈਮਡ, ਕੌਂਸਲਰ ਸੈਂਡੀ ਲੈਂਡਰਸ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ। ਮੇਲੇ ਦੇ ਪ੍ਰਬੰਧਕ ਜਤਿੰਦਰ ਰੈਹਿਲ, ਜਗਜੀਤ ਖੋਸਾ, ਹਰਪ੍ਰੀਤ ਸਰਵਾਰਾ, ਮਹਿੰਦਰ ਰੰਧਾਵਾ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਮੇਲਾ ਤੀਆਂ ਦਾ’ ਕਰਵਾਉਣ ਦਾ ਮੁੱਖ ਉਦੇਸ਼ ਅੱਜ ਦੇ ਤੇਜ ਰਫ਼ਤਾਰ ਪਦਾਰਥਵਾਦੀ ਯੁੱਗ ਵਿਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆਂ ਨੂੰ ਮੁੜ ਸੁਰਜੀਤ ਕਰਨਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਂਭਣ ਦੇ ਲਈ ਇਕ ਨਿਮਾਣਾ ਜਿਹਾ ਉਪਰਾਲਾ ਹੈ। ਸਟੇਜ ਸੰਚਾਲਨ ਹਰਵਿੰਦਰ ਕੌਰ ਰਿੱਕੀ ਅਤੇ ਹਰਜਿੰਦ ਮਾਂਗਟ ਵੱਲੋਂ ਬਾਖੂਬੀ ਨਿਭਾਇਆ ਗਿਆ।