ਇਮਰਾਨ ਸਰਕਾਰ ਨੂੰ ਮੌਲਾਨਾ ਦੀ ਚਿਤਾਵਨੀ, ਕਿਹਾ-'ਆਪਣੇ ਦਿਨ ਗਿਣਨਾ ਸ਼ੁਰੂ ਕਰ ਦਿਓ'
Wednesday, Nov 20, 2019 - 02:49 PM (IST)

ਇਸਲਾਮਾਬਾਦ— ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਬਹੁਤ ਸਮੇਂ ਤੋਂ ਪਾਕਿਸਤਾਨ ਦੀ ਸਰਕਾਰ ਨੂੰ ਡੇਗਣ ਲਈ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੁਣ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਜਨਤਾ ਨੇ ਸੱਤਾਧਾਰੀ ਸ਼ਾਸਨ ਨੂੰ ਹਟਾਉਣ ਲਈ ਉਨ੍ਹਾਂ ਦੀ ਪਾਰਟੀ ਦੀ ਮੁਹਿੰਮ ਨੂੰ ਸਫਲਤਾਪੂਰਵਕ ਸੰਗਠਿਤ ਕੀਤਾ ਤੇ ਹੁਣ ਇਮਰਾਨ ਸਰਕਾਰ ਆਪਣੇ ਆਖਰੀ ਦਿਨ ਗਿਣਨਾ ਸ਼ੁਰੂ ਕਰ ਦੇਣ।
ਪਾਕਿਸਤਾਨ ਪੱਤਰਕਾਰ ਏਜੰਸੀ ਡਾਨ ਦੇ ਮੁਤਾਬਕ ਬੰਨੂ 'ਚ ਸਿਟ-ਇਨ ਦੇ ਹਿੱਸੇਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਮੌਲਾਨੇ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਾਂ ਤਾਂ ਸਰਕਾਰ ਦੇਸ਼ ਨੂੰ ਸੰਭਾਲਣ 'ਚ ਅਸਮਰਥ ਹੈ ਤੇ ਜਾਂ ਕਿਸੇ ਏਜੰਡੇ ਦੇ ਤਹਿਤ ਦੇਸ਼ ਨੂੰ ਤਬਾਹ ਕਰਨ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਦੌਰਾਨ ਖਸਤਾਹਾਲ ਅਰਥਵਿਵਸਥਾ ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਦੇ 'ਗੋਬਰਚੇਵ' ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਰਹਿਮਾਨ ਨੇ ਪ੍ਰਧਾਨ ਮੰਤਰੀ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਕਿ ਤੁਹਾਡੀਆਂ ਜੜ੍ਹਾਂ ਕੱਟ ਗਈਆਂ ਹਨ, ਤੁਸੀਂ ਹਿੱਲ ਗਏ ਹੋ, ਆਪਣੇ ਦਿਨ ਗਿਣਨਾ ਸ਼ੁਰੂ ਕਰ ਦਿਓ। ਪਾਰਟੀ ਦੇ ਆਜ਼ਾਦੀ ਮਾਰਚ ਬਾਰੇ ਗੱਲ ਕਰਦਿਆਂ, ਜਿਸ ਦੀ ਸਮਾਪਤੀ ਇਸਲਾਮਾਬਾਦ 'ਚ ਹੋਈ ਸੀ, ਉਨ੍ਹਾਂ ਨੇ ਕਿਹਾ ਕਿ ਜੇ.ਯੂ.ਆਈ.-ਐੱਫ. ਰਾਜਧਾਨੀ 'ਚ ਬਿਨਾਂ ਕਿਸੇ ਟੀਚੇ ਦੇ ਨਹੀਂ ਗਿਆ ਸੀ, ਨਾ ਹੀ ਬਿਨਾਂ ਕਿਸੇ ਟੀਚੇ ਦੇ ਪਰਤਿਆ।