ਯਾਦਦਾਸ਼ਤ ਤੇ ਸਿੱਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ''ਕੈਨੋਲਾ ਤੇਲ'' : ਅਧਿਐਨ
Friday, Dec 08, 2017 - 01:39 PM (IST)

ਵਾਸ਼ਿੰਗਟਨ (ਭਾਸ਼ਾ)— ਪੂਰੀ ਦੁਨੀਆ ਵਿਚ ਖਾਧ ਸਮੱਗਰੀ ਦੇ ਰੂਪ ਵਿਚ ਵਰਤਿਆ ਜਾਣ ਵਾਲਾ ਬਨਸਪਤੀ ਤੇਲ 'ਕੈਨੋਲਾ ਤੇਲ' ਦਿਮਾਗ 'ਤੇ ਉਲਟ ਪ੍ਰਭਾਵ ਪਾਉਂਦਾ ਹੈ। ਇਸ ਨਾਲ ਯਾਦਦਾਸ਼ਤ ਕਮਜ਼ੋਰ ਹੋਣ ਦੇ ਨਾਲ-ਨਾਲ ਸਿੱਖਣ ਦੀ ਸਮੱਰਥਾ ਵੀ ਪ੍ਰਭਾਵਿਤ ਹੁੰਦੀ ਹੈ। ਵਿਗਿਆਨਿਕ ਰਿਪੋਰਟ ਵਿਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਮੁਤਾਬਕ ਚੂਹਿਆਂ 'ਤੇ ਕੀਤੇ ਗਏ ਪ੍ਰਯੋਗ ਨਾਲ ਇਹ ਸਾਹਮਣੇ ਆਇਆ ਹੈ ਕਿ ਕੈਨੋਲਾ ਤੇਲ ਦੀ ਵਰਤੋਂ ਕਰਨ ਨਾਲ ਵਜ਼ਨ ਵੱਧਦਾ ਹੈ। ਅਮਰੀਕਾ ਦੀ ਟੈਮਪਲ ਯੂਨੀਵਰਸਿਟੀ ਦੇ ਪ੍ਰੋਫੈਸਰ ਡੋਮੇਨਿਕੋ ਦਾ ਕਹਿਣਾ ਹੈ,''ਕੈਨੋਲਾ ਤੇਲ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਦੂਜੇ ਬਨਸਪਤੀ ਤੇਲਾਂ ਦੇ ਮੁਕਾਬਲੇ ਸਸਤਾ ਹੈ। ਇਸ ਦੇ ਵਿਗਿਆਪਨਾਂ ਵਿਚ ਇਸ ਤੇਲ ਨੂੰ ਸਿਹਤ ਲਈ ਵਧੀਆ ਦੱਸਿਆ ਜਾਂਦਾ ਹੈ।'' ਉਨ੍ਹਾਂ ਮੁਤਾਬਕ,''ਬਹੁਤ ਘੱਟ ਅਧਿਐਨਾਂ ਵਿਚ ਇਸ ਦਾਅਵੇ ਦੀ ਸੱਚਾਈ ਦੀ ਜਾਂਚ ਕੀਤੀ ਗਈ ਹੈ, ਖਾਸ ਤੌਰ 'ਤੇ ਦਿਮਾਗ ਦੇ ਮਾਮਲੇ ਵਿਚ।'' ਦਿਮਾਗ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਿਚ ਕੈਨੋਲਾ ਤੇਲ ਦੀ ਭੂਮਿਕਾ ਦਾ ਅਧਿਐਨ ਕਰ ਰਹੇ ਖੋਜ ਕਰਤਾਵਾਂ ਨੇ ਚੂਹਿਆਂ ਦੀ ਯਾਦਦਾਸ਼ਤ ਕਮਜ਼ੋਰ ਹੋਣ, ਐਮਿਲਾਇਡ ਜਮਾਂ ਹੋਣ ਅਤੇ ਅਲਜ਼ਾਈਮਰ ਬੀਮਾਰੀ ਦੌਰਾਨ ਹੋਣ ਵਾਲੀਆਂ ਨਾੜੀਆਂ ਸੰਬੰਧੀ ਸਮੱਸਿਆਵਾਂ 'ਤੇ ਧਿਆਨ ਕੇਂਦਰਿਤ ਕੀਤਾ।