ਸਿੱਖ ਯੂਥ ਇਟਲੀ ਸਮੇਤ ਕਈ ਸੰਗਠਨਾਂ ਵੱਲੋਂ ਰੋਮ ‘ਚ ਮੋਦੀ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ (ਤਸਵੀਰਾਂ)

Tuesday, Nov 02, 2021 - 01:24 PM (IST)

ਸਿੱਖ ਯੂਥ ਇਟਲੀ ਸਮੇਤ ਕਈ ਸੰਗਠਨਾਂ ਵੱਲੋਂ ਰੋਮ ‘ਚ ਮੋਦੀ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ (ਤਸਵੀਰਾਂ)

ਰੋਮ/ਇਟਲੀ (ਕੈਂਥ )ਪਿਛਲੇ ਕਈ ਮਹੀਨਿਆਂ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਦੀ ਹਿੱਕ 'ਤੇ ਬੈਠ ਕੇ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਲਈ ਬੇਸ਼ੱਕ ਮੋਦੀ ਸਰਕਾਰ ਨੇ ਹੁੰਗਾਰਾ ਨਹੀ ਭਰਿਆ ਪਰ ਇਸ ਕਿਸਾਨ ਅੰਦੋਲਨ ਨੂੰ ਦੁਨੀਆ ਭਰ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਡੱਟਵੀ ਹਮਾਇਤ ਮਿਲ ਰਹੀ ਹੈ। ਜਿਸ ਕਾਰਨ ਮੋਦੀ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਜਿਸ ਵੀ ਕੋਨੇ ਵਿਚ ਆਪਣੇ ਸਰਕਾਰੀ ਦੌਰੇ 'ਤੇ ਜਾਂਦੇ ਹਨ ਲੋਕ ਉਹਨਾਂ ਦਾ ਉੱਥੇ ਹੀ ਵਿਰੋਧ ਕਰਦੇ ਹਨ।ਅਜਿਹਾ ਹੀ ਮਾਹੌਲ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਏ ਜੀ-20 ਸਿਖਰ ਸੰਮੇਲਨ ਮੌਕੇ ਦੇਖਣ ਨੂੰ ਮਿਲਿਆ।

PunjabKesari

ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਟਲੀ ਸਰਕਾਰ ਤੇ ਮੋਦੀ ਦਾ ਸਰਕਾਰੀ ਤਾਣਾ-ਬਾਣਾ ਸਵਾਗਤ ਕਰਨ ਨੂੰ ਪੱਬੀਂ ਹੋ ਤੁਰ ਰਿਹਾ ਸੀ ਉੱਥੇ ਦੇਸ਼ ਦੀ ਰਾਜਧਾਨੀ ਰੋਮ ਦੇ ਪਿਆਸਾ ਵਿਕਟੋਰੀਆ ਵਿਖੇ 'ਮਾਰ ਮੂਵਮੈਂਟ, 'ਸਿੱਖ ਯੂਥ ਇਟਲੀ ਅਤੇ 'ਪੰਜਾਬ ਓ ਜੀ' ਵਲੋਂ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕੀਤੀ ਗਈ ਅਤੇ ਮੋਦੀ ਸਰਕਾਰ ਦੇ ਵਿਰੁੱਧ ਨੌਜਵਾਨਾਂ ਦੇ ਵੱਖ-ਵੱਖ ਆਗੂਆਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ।ਰੋਮ ਦੀ ਸੜਕਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਤੇ ਭਾਰਤ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਸ਼ੂਕ ਰਹੀਆਂ ਸਨ ਤੇ ਆਉਣ ਜਾਣ ਵਾਲੇ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ।

PunjabKesari

ਲਗਭਗ 3 ਘੰਟੇ ਚੱਲੇ ਸ਼ਾਂਤਮਈ ਰੋਸ ਪ੍ਰਦਰਸ਼ਨ ‘ਚ ਜ਼ਿਆਦਾਤਰ ਨੌਜਵਾਨ ਵਰਗ ਵਲੋਂ ਸ਼ਮੂਲੀਅਤ ਕੀਤੀ ਗਈ ਸੀ ਪਰ ਅਫ਼ਸੋਸ  ਲਾਸੀਓ ਸੂਬੇ ਦੇ ਉਹ ਆਗੂ ਸਰਕਾਰੀ ਡੰਡੇ ਦੇ ਡਰੋਂ ਰੂਹਪੋਸ ਹੀ ਰਹੇ ਜਿਹੜੇ ਸੋਸ਼ਲ ਮੀਡੀਏ 'ਤੇ ਆਪਣੇ ਆਪ ਨੂੰ ਕਿਸਾਨ ਅੰਦੋਲਨ ਦੇ ਵੱਡੇ ਹਮਾਇਤੀ ਦੱਸਦੇ ਹੋਏ ਆਪਾਂ ਵਾਰਨ ਦੇ ਵੱਡੇ ਵੱਡੇ ਬਿਆਨ ਦੇ ਰਹੇ ਸਨ ।ਪ੍ਰਦਰਸ਼ਨ ਵਿੱਚ ਸ਼ਾਮਿਲ ਨੌਜਵਾਨ ਆਗੂਆਂ ਨੇ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਸਿੱਖ ਕੌਮ ਨੂੰ ਹਮੇਸ਼ਾ ਹੀ ਆਪਣਿਆਂ ਵੱਲੋਂ ਕਮਜ਼ੋਰ ਕੀਤਾ ਗਿਆ ਹੈ ਤੇ ਹੁਣ ਵੀ ਇਹ ਅਖੌਤੀ ਆਗੂ ਇੰਝ ਕਰਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੇ ਹਨ।

ਇਸ ਰੋਸ ਪ੍ਰਦਰਸ਼ਨ ਵਿੱਚ ਪ੍ਰਬੰਧਕਾਂ ਵਲੋਂ ਤਿੰਨ ਮਤੇ ਵੀ ਪਾਸ ਕੀਤੇ ਗਏ। ਮਤਾ ਨੰਬਰ 1 ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲੇਗਾ ਉਸ ਸਮੇਂ ਤੱਕ ਉਹ ਕਿਸਾਨਾਂ ਦਾ ਸਾਥ ਦੇਣਗੇ। ਮਤਾ ਨੰਬਰ 2 ਇਟਲੀ ਦੇ ਕਿਸਾਨ ਹਮਾਇਤੀਆਂ ਵਲੋਂ ਪਹਿਲਾਂ ਵੀ ਇੱਕ ਪ੍ਰਬੰਧ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅੱਗੇ ਵੀ ਜੇਕਰ ਲੋੜ ਪਈ ਤਾਂ ਇੰਝ ਹੀ ਯੂਐਨੳ ਅੱਗੇ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਮਤਾ ਨੰਬਰ 3 ਪ੍ਰਬੰਧਕਾਂ ਵਲੋਂ ਇਟਲੀ ਦੀ ਸਿੱਖ ਭਾਈਚਾਰੇ ਦਾ ਪ੍ਰਧਾਨ ਅਖਵਾਉਣ ਵਾਲੇ ਕਥਿਤ ਅਖੌਤੀ ਸੁਖਦੇਵ ਸਿੰਘ ਕੰਗ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਹੈ ਕਿਉਂਕਿ ਕੰਗ ਨੇ ਸਦਾ ਹੀ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਉਹ ਇੱਕ ਸਰਕਾਰੀ ਮੋਹਰਾ ਹੋਣ ਕਾਰਨ ਹੁਣ ਤਾਂ ਸਿਰਾ ਹੀ ਕਰ ਗਿਆ।ਉਸ ਨੇ ਮੋਦੀ ਮੂਹਰੇ ਇੱਕ ਸਰਦਾਰ ਦੇ ਹੁਲੀਏ ਵਿੱਚ ਹੱਥ ਜੋੜ ਕਿਸਾਨ ਅੰਦੋਲਨ ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਦਾ ਮਜ਼ਾਕ ਬਣਾਇਆ ਹੈ ਜਿਸ ਕਾਰਨ ਜਾਗਦੀਆਂ ਜ਼ਮੀਰਾਂ ਨੇ ਕੰਗ ਵਰਗੇ ਅਕ੍ਰਿਤਘਣ ਦਾ ਬਾਇਕਾਟ ਕੀਤਾ ਹੈ।

PunjabKesari

ਪ੍ਰਬੰਧਕ ਨੇ ਕਿਹਾ ਕਿ ਉਹ ਸਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਨਿੱਜੀ ਤੌਰ 'ਤੇ ਵੀ ਇਸ ਰੋਸ ਪ੍ਰਦਰਸਨ ਦਾ ਸਨੇਹਾ ਭੇਜਿਆ ਗਿਆ ਸੀ ਪਰ ਅਫਸੋਸ ਕਿ ਇਟਲੀ ਵਿੱਚ ਆਪਣੇ ਆਪ ਨੂੰ ਕਿਸਾਨਾਂ ਦੇ ਹਮਦਰਦੀ ਅਖਵਾਉਣ ਵਾਲੇ ਆਗੂਆਂ ਦੀ ਗ਼ੈਰ ਹਾਜ਼ਰੀ ਨੇ ਸਵਾਲੀਆ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ।ਇਸ ਮੌਕੇ ਮਾਰ ਮੂਵਮੈਂਟ ਆਗੂ ਹਰਵਿੰਦਰ ਸਿੰਘ ਖ਼ਾਲਸਾ ਸਵਿਟਜ਼ਰਲੈਂਡ ਵਲੋਂ ਇਟਲੀ ਦੇ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਦੇ ਰੋਸ਼ ਪ੍ਰਦਰਸਨ ਵਿੱਚ ਜਿੰਨ੍ਹਾਂ ਇੱਕਠ ਹੋਣਾ ਚਾਹੀਦਾ ਸੀ ਉਹ ਨਹੀ ਹੋਇਆ।ਅਖੌਤੀ ਸਿੱਖ ਆਗੂਆਂ ਨੂੰ ਕਿਹਾ ਕਿ ਦੋ ਪਾਸੇ ਦੀ ਰਾਜਨੀਤੀ ਕਰਨਾ ਛੱਡ ਦਿਓ।ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਨੂੰ ਹੋ ਰਹੀ ਦੇਰੀ ਤੇ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਟਲੀ ਦੇ ਆਗੂਆਂ ਦੀ ਆਪਸੀ ਸਾਂਝ ਹੋਣੀ ਬਹੁਤ ਜ਼ਰੂਰੀ ਹੈ ਫਿਰ ਹੀ ਸਭ ਕੁਝ ਹੋ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਓਂਟਾਰੀਓ 'ਚ ‘ਹਿੰਦੂ ਵਿਰਾਸਤੀ ਮਹੀਨੇ’ ਦੇ ਜਸ਼ਨ ਸ਼ੁਰੂ (ਤਸਵੀਰਾਂ) 

ਵਰਨਣਯੋਗ ਹੈ ਕਿ ਇਸ ਰੋਸ ਪ੍ਰਦਰਸ਼ਨ ਵਿੱਚ ਨੌਜਵਾਨ ਆਗੂਆਂ ਦਾ ਇਟਲੀ ਵਿੱਚ ਵਸਦੇ ਕਿਸਾਨਾਂ ਨੂੰ ਪਿਆਰ ਕਰਨ ਵਾਲੇ ਆਗੂਆਂ ਤੇ ਵਰਦਿਆ ਕਿਹਾ ਕਿ ਜਦੋਂ ਤੋ ਭਾਰਤ ਵਿੱਚ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਅੰਦੋਲਨ ਦਾ ਆਗਾਜ਼ ਕੀਤਾ ਸੀ ਉਸ ਦਿਨ ਤੋਂ ਹੀ ਇਟਲੀ ਵਿੱਚ ਵੱਖ-ਵੱਖ ਜਥੇਬੰਦੀਆਂ, ਸੰਸਥਾ, ਧਾਰਮਿਕ ਸੰਸਥਾਵਾਂ ਦੀਆ ਪ੍ਰਬੰਧਕ ਕਮੇਟੀਆਂ ਵਲੋਂ ਆਪੋ-ਆਪਣੇ ਇਲਾਕਿਆਂ ਵਿੱਚ ਭਾਰਤ ਸਰਕਾਰ ਦੇ ਵਿਰੁੱਧ ਅਤੇ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਸਨ।ਇਥੋਂ ਤੱਕ ਮਾਲੀ ਸਹਾਇਤਾ ਵੀ ਕਿਸਾਨ ਅੰਦੋਲਨ ਨੂੰ ਭੇਜੀ ਗਈ ਸੀ ਪਰ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਇਟਲੀ ਦੇ ਇੱਕਾ ਦੁੱਕਾ ਧਾਰਮਿਕ ਸੰਸਥਾਵਾਂ ਦੀਆ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਹੋਰ ਕਿਸੇ ਵੀ ਜਥੇਬੰਦੀਆਂ, ਸੰਸਥਾਵਾਂ ਪ੍ਰੰਬਧਕ ਕਮੇਟੀਆਂ ਦੀ ਗ਼ੈਰ ਹਾਜ਼ਰੀ ਇੱਕ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਜਦੋਂ ਕਿ ਇਟਲੀ ਵਿੱਚ ਕਈ ਸਿਰਮੌਰ ਸਿੱਖ ਸੰਸਥਾਵਾਂ ਕੌਮ ਦਾ ਹਿਤੈਸ਼ੀ ਹੋਣ ਦੇ ਦਾਅਵੇ ਕਰਦੀਆਂ ਹਨ ਤੇ ਆਪਣੇ ਆਪ ਨੂੰ ਸ਼ਕਤੀਮਾਨ ਦੱਸ ਦੀਆਂ ਸਨ ਜਿਹੜੀਆਂ ਕਿ ਹੁਣ ਸਰਕਾਰੀ ਕਰੋਪੀ ਤੋਂ ਡਰਦੀਆਂ ਹੀ ਗੰਗਾਧਰ ਬਣ ਗਈਆਂ।ਇਸ ਪਿੱਛੇ ਕਿਸਾਨ ਅੰਦੋਲਨ ਦੇ ਕਾਗਜੀ ਹਮਾਇਤੀਆਂ ਦੀ ਕੀ ਮਜਬੂਰੀ ਰਹੀ ਇਹ ਸਮਝ ਤੋਂ ਬਾਹਰ ਹੈ।ਕਾਰਨ ਚਾਹੇ ਕੁਝ ਵੀ ਹੋਵੇ ਲਾਸੀਓ ਸੂਬੇ ਦੇ ਇਹਨਾਂ ਆਗੂਆਂ ਨੇ ਵੀ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਲਈ ਸਰਕਾਰੀ ਤੰਤਰ ਦਾ ਹੀ ਸਾਥ ਦਿੱਤਾ ਹੈ ਜਿਸ ਬਾਰੇ ਜਲਦ ਵਿਚਾਰ ਕੀਤੀ ਜਾਵੇਗੀ।


author

Vandana

Content Editor

Related News