ਕਾਬੁਲ ’ਚ ਰੂਸੀ ਦੂਤਘਰ ਦੇ ਬਾਹਰ ਜ਼ਬਰਦਸਤ ਬੰਬ ਧਮਾਕਾ, ਦੋ ਦੀ ਮੌਤ

09/05/2022 3:53:57 PM

ਕਾਬੁਲ (ਵਾਰਤਾ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਸੋਮਵਾਰ ਨੂੰ ਰੂਸੀ ਦੂਤਘਰ ਦੇ ਬਾਹਰ ਹੋਏ ਆਤਮਘਾਤੀ ਹਮਲੇ ’ਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੇ ਨਿਊਜ਼ ਚੈਨਲਾਂ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਦੂਤਘਰ ਦੇ ਹਥਿਆਰਬੰਦ ਗਾਰਡਾਂ ਨੇ ਆਤਮਘਾਤੀ ਹਮਲਾਵਰ ਦੇ ਇਰਾਦੇ ਨੂੰ ਸਮਝ ਲਿਆ ਸੀ ਅਤੇ ਉਸ ਨੂੰ ਗੇਟ ਦੇ ਸਾਹਮਣੇ ਹੀ ਗੋਲੀ ਮਾਰ ਦਿੱਤੀ। ਹਮਲਾਵਰ ਵੱਲੋਂ ਲਿਜਾਏ ਜਾ ਰਹੇ ਬੰਬ ’ਚ ਧਮਾਕਾ ਹੋਣ ਕਾਰਨ ਉਥੇ ਉਸ ਦੀ ਲਪੇਟ ’ਚ ਆ ਕੇ ਘੱਟੋ-ਘੱਟ ਦੋ ਲੋਕ ਮਾਰੇ ਗਏ ਅਤੇ 11 ਜ਼ਖ਼ਮੀ ਹੋ ਗਏ। ਇਸੇ ਦਰਮਿਆਨ ਪਾਕਿਸਤਾਨ ਦੇ ਅਖਬਾਰ ਡਾਨ ਨੇ ਇਕ ਵਿਦੇਸ਼ੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਰੂਸੀ ਦੂਤਘਰ ’ਤੇ ਤਾਇਨਾਤ ਤਾਲਿਬਾਨ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੂੰ ਗੇਟ ਵੱਲ ਆਉਂਦਿਆਂ ਪਛਾਣ ਲਿਆ ਸੀ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਡਾਨ ਦੀ ਖ਼ਬਰ ’ਚ ਵਿਦੇਸ਼ੀ ਏਜੰਸੀ ਨੇ ਮਾਰੇ ਗਏ ਲੋਕਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਡਾਨ ਨੇ ਰੂਸ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਹੈ ਕਿ ਆਤਮਘਾਤੀ ਹਮਲਾਵਰ ਦੇ ਧਮਾਕੇ ’ਚ ਦੂਤਘਰ ਦੇ ਦੋ ਕਰਮਚਾਰੀ ਮਾਰੇ ਗਏ।

ਇਹ ਵੀ ਪੜ੍ਹੋ : ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ

ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ’ਚ ਕੁਝ ਅ਼ਗਾਨ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਹ ਹਮਲਾ ਸਥਾਨਕ ਸਮੇਂ ਅਨੁਸਾਰ ਸਵੇਰੇ 10.50 ਵਜੇ ਹੋਇਆ। ਹਮਲਾਵਰ ਰੂਸੀ ਦੂਤਘਰ ਦੇ ਕੌਂਸਲ ਜਨਰਲ ਦੇ ਦਫ਼ਤਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਾਬੁਲ ’ਚ ਉਸ ਦਾ ਦੂਤਘਰ ਅਫਗਾਨ ਸੁਰੱਖਿਆ ਸੇਵਾਵਾਂ ਦੇ ਸੰਪਰਕ ’ਚ ਹੈ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ’ਚ ਮਾਰੇ ਗਏ ਰੂਸੀ ਨਾਗਰਿਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਪਹਿਲਾਂ ਰਸ਼ੀਅਨ ਨਿਊਜ਼ ਐਂਡ ਇਨਫਾਰਮੇਸ਼ਨ ਏਜੰਸੀ (ਆਰ. ਆਈ. ਏ.) ਨੇ ਇਕ ਰਿਪੋਰਟ ’ਚ ਕਿਹਾ ਸੀ ਕਿ ਇਸ ਹਮਲੇ ’ਚ ਇਕ ਡਿਪਲੋਮੈਟ ਅਤੇ ਦੂਤਘਰ ਦਾ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋਏ ਹਨ। ਪਿਛਲੇ ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ਦੀ ਗਜਰਗਾਹ ਮਸਜਿਦ ਦੇ ਕੰਪਲੈਕਸ ’ਤੇ ਹੋਏ ਆਤਮਘਾਤੀ ਹਮਲੇ ’ਚ ਘੱਟੋ-ਘੱਟ 18 ਲੋਕ ਮਾਰੇ ਗਏ ਸਨ ਅਤੇ 23 ਜ਼ਖਮੀ ਹੋਏ ਸਨ। ਅਫ਼ਗਾਨਿਸਤਾਨ ’ਚ ਹਾਲ ਹੀ ਦੇ ਮਹੀਨਿਆਂ ’ਚ ਬੰਬ ਧਮਾਕਿਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ’ਚ ਇਸਲਾਮਿਕ ਸਟੇਟ (ਆਈ. ਐੱਸ.) ਧੜੇ ਦੇ ਅੱਤਵਾਦੀਆਂ ਦਾ ਹੱਥ ਮੰਨਿਆ ਜਾ ਰਿਹਾ ਹੈ।


Manoj

Content Editor

Related News