ਕਤਲੇਆਮ ਦੀ ਘਟਨਾ ਨਾਲ ਕੰਬਿਆ ਬਲੋਚਿਸਤਾਨ, ਪਰਿਵਾਰਾਂ ਦਾ ਲਾਸ਼ਾਂ ਦਫ਼ਨਾਉਣ ਤੋਂ ਇਨਕਾਰ
Wednesday, Jan 06, 2021 - 05:31 PM (IST)
ਕਵੇਟਾ, (ਏ. ਐੱਨ. ਆਈ.)-ਪਾਕਿਸਤਾਨ ’ਚ ਘੱਟ ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਦੇ 11 ਲੋਕਾਂ ਦੇ ਕਤਲੇਆਮ ਦੀ ਘਟਨਾ ਨਾਲ ਬਲੋਚਿਸਤਾਨ ਕੰਬ ਗਿਆ ਹੈ। ਇੱਥੇ ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੇ ਜ਼ਬਰਦਸਤ ਪ੍ਰਦਰਸ਼ਨ ਦਰਮਿਆਨ ਪੀੜਤਾਂ ਦੇ ਪਰਿਵਾਰਾਂ ਨੇ ਮਾਰੇ ਗਏ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਲਾਸ਼ਾਂ ਸੜਕ ’ਤੇ ਰੱਖ ਕੇ ਮੰਗ ਕੀਤੀ ਕਿ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਜਾਂ ਫਿਰ ਸਰਕਾਰ ਅਸਤੀਫ਼ਾ ਦੇਵੇ। ਸੈਂਕੜਿਆਂ ਦੀ ਗਿਣਤੀ ’ਚ ਘੱਟ ਗਿਣਤੀ ਭਾਈਚਾਰੇ ਦੇ ਲੋਕ ਧਰਨੇ ’ਤੇ ਬੈਠ ਗਏ ਹਨ ਅਤੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਵੀ ਧਰਨਾ ਖ਼ਤਮ ਨਹੀਂ ਕਰਵਾ ਸਕੇ।
ਸ਼ੀਆ ਭਾਈਚਾਰੇ ਦੇ 11 ਮਜ਼ਦੂਰਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨੇ ਲਈ ਹੈ। ਕਵੇਟਾ ਦੇ ਮੱਛ ਖੇਤਰ ਦੀਆਂ ਪਹਾੜੀਆਂ ’ਚ ਅੱਤਵਾਦੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਘਟਨਾ ’ਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਮਜ਼ਦੂਰਾਂ ਦੇ ਪਰਿਵਾਰ ’ਚ ਤਾਂ ਕੋਈ ਮਰਦ ਹੀ ਨਹੀਂ ਬਚਿਆ ਹੈ, ਤਾਂ ਲਾਸ਼ਾਂ ਕੌਣ ਦਫ਼ਨਾਏਗਾ?
ਘਟਨਾ ਵਾਲੀ ਥਾਂ ਦੇ ਕੋਲ ਹੀ ਬਾਈਪਾਸ ਰਸਤੇ ’ਤੇ ਸ਼ੀਆ ਹਜ਼ਾਰਾ ਭਾਈਚਾਰੇ ਦੇ ਸੈਂਕੜੇ ਲੋਕ ਧਰਨੇ ’ਤੇ ਬੈਠ ਗਏ ਹਨ। ਇੱਥੇ ਬਲੋਚਿਸਤਾਨ ਮਜਲਿਸ ਵਹਾਦਤ-ਏ-ਮੁਸਲਮੀਨ ਦੇ ਪ੍ਰਧਾਨ ਆਗਾ ਰਜ਼ਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਹੀ ਅਸੀਂ ਧਰਨਾ ਖ਼ਤਮ ਕਰਾਂਗੇ। ਇਸ ਮਾਮਲੇ ’ਚ ਉਨ੍ਹਾਂ ਨੇ ਚੋਟੀ ਦੀ ਅਦਾਲਤ ਤੋਂ ਕਾਨੂੰਨੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਬਲੋਚਿਸਤਾਨ ਸਰਕਾਰ ਹਜ਼ਾਰਾ ਭਾਈਚਾਰੇ ਦੇ ਲੋਕਾਂ ਦੀ ਰੱਖਿਆ ਕਰਨ ’ਚ ਅਸਫ਼ਲ ਰਹੀ ਹੈ। ਅਸੀਂ ਇਸ ਤੋਂ ਪ੍ਰੇਸ਼ਾਨ ਹੋ ਗਏ ਹਾਂ।