ਅਮਰੀਕਾ : ਮਾਮਲਾ 99 ਸਾਲ ਪਹਿਲਾਂ ਹੋਏ 300 ਲੋਕਾਂ ਦੇ ਕਤਲੇਆਮ ਦਾ, ਮਿਲੇ ਸਬੂਤ

10/23/2020 9:39:16 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਮਾਨਵਤਾ ਵਿਚ ਨਸਲੀ ਹਿੰਸਾ ਪੁਰਾਣੇ ਸਮਿਆਂ ਤੋਂ ਹੀ ਚੱਲੀ ਆ ਰਹੀ ਹੈ ਹਾਲਾਂਕਿ ਅੱਜ-ਕੱਲ ਇਹ ਭੇਦਭਾਵ ਘੱਟ ਜ਼ਰੂਰ ਹੋ ਗਿਆ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਅਮਰੀਕਾ ਵਿਚ ਵੀ ਦਹਾਕਿਆਂ ਪਹਿਲਾਂ ਨਸਲੀ ਭੇਦਭਾਵ ਦੀਆਂ ਘਟਨਾਵਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਕ ਕਤਲੇਆਮ ਜੋ ਨਸਲੀ ਭੇਦਭਾਵ ਕਰਕੇ 1921 ਵਿਚ ਅਮਰੀਕਾ ਦੇ ਤੁਲਸਾ ਵਿਚ ਹੋਇਆ ਸੀ, ਦੇ ਸੰਬੰਧ ਵਿਚ ਓਕਲਾਹੋਮਾ ਸੂਬੇ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ 1921 ਵਿਚ ਹੋਏ ਨਸਲੀ ਹੱਤਿਆਕਾਂਡ ਦੇ ਪੀੜਤਾਂ ਦੀ ਭਾਲ ਕਰ ਰਹੇ ਮਾਹਰਾਂ ਨੂੰ ਲਗਭਗ 10 ਲਾਸ਼ਾਂ ਮਿਲੀਆਂ ਹਨ। 

ਓਕਲਾਹੋਮਾ ਸੂਬੇ ਦੀ ਪੁਰਾਤੱਤਵ ਵਿਗਿਆਨੀ ਕੈਰੀ ਸਟੈਕਲਬੇਕ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਿਸ਼ਾਲ ਕਬਰ ਮਿਲੀ ਹੈ, ਜਿੱਥੇ ਕਈ ਵਿਅਕਤੀ ਦਫਨਾਏ ਗਏ ਸਨ। ਇੱਥੇ 99 ਸਾਲਾਂ ਬਾਅਦ 10 ਤਾਬੂਤ ਮਿਲੇ ਹਨ, ਜਿਨ੍ਹਾਂ ਵਿਚੋਂ ਹਰ ਤਾਬੂਤ ਵਿਚ ਇਕ ਵਿਅਕਤੀ ਮੰਨਿਆ ਜਾਂਦਾ ਹੈ। ਫੋਰੈਂਸਿਕ ਵਿਗਿਆਨੀ ਫੋਬੀ ਸਟੱਬਲਫੀਲਡ ਅਨੁਸਾਰ, ਅਵਸ਼ੇਸ਼ਾਂ ਦੀ ਪਛਾਣ ਕਰਨ ਅਤੇ ਉਹ ਪੀੜਿਤ ਹਨ ਜਾਂ ਨਹੀਂ ਨਿਰਧਾਰਤ ਕਰਨ ਵਿਚ ਸਮਾਂ ਲੱਗੇਗਾ। 

ਜ਼ਿਕਰਯੋਗ ਹੈ ਕਿ ਇਹ ਹਿੰਸਾ 31 ਮਈ ਅਤੇ 1 ਜੂਨ 1921 ਨੂੰ ਵਾਪਰੀ ਸੀ, ਜਦੋਂ ਗੋਰੇ ਲੋਕਾਂ ਦੀ ਭੀੜ ਨੇ ਤੁਲਸਾ ਦੀ ਬਲੈਕ ਵਾਲ ਸਟ੍ਰੀਟ 'ਤੇ ਹਮਲਾ ਕੀਤਾ, ਜਿਸ ਵਿਚ ਲਗਭਗ 300 ਲੋਕ ਮਾਰੇ ਗਏ ਅਤੇ 800 ਜ਼ਖ਼ਮੀ ਹੋ ਗਏ ਸਨ । ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਕਾਲੇ ਮੂਲ ਦੇ ਲੋਕ ਸਨ ਅਤੇ ਇਸ ਦੇ ਨਾਲ ਹੀ  ਕਈ ਕਾਰੋਬਾਰ, ਘਰ ਅਤੇ ਚਰਚਾਂ ਨੂੰ ਸਾੜਦੇ ਹੋਏ ਲੁੱਟਿਆ ਵੀ ਗਿਆ ਸੀ। ਮਾਹਰਾਂ ਅਨੁਸਾਰ ਅਵਸ਼ੇਸ਼ਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਤਾਬੂਤ ਵਿਚ ਵਾਪਸ ਰੱਖ ਦਿੱਤਾ ਜਾਵੇਗਾ ਅਤੇ ਜਾਂਚ ਦੀ ਖੁਦਾਈ ਵਿਚ ਇਕ ਹਫ਼ਤਾ ਲੱਗਣ ਦੀ ਉਮੀਦ ਹੈ।
 


Lalita Mam

Content Editor

Related News